ਧੰਨਵਾਦ ਹਿੰਦੋਸਤਾਨੀ ਮਸ਼ੀਨਰੀ ਦਾ ਜਿਹੜੀ ਸਿਖਾਂ ਨੂੰ ਖਾਲਿਸਤਾਨੀ ਬਣਾਉਂਦੀ ਹੈ- ਸਰਬਜੀਤ ਸਿੰਘ ਘੁਮਾਣ

ਕੋਈ ਵੇਲਾ ਸੀ ਜਦ ਮੈਨੂੰ ਵੀ ਤਿਰੰਗੇ ਝੰਡੇ ਨਾਲ ਪਿਆਰ ਸੀ,ਕੋਈ ਵੇਲਾ ਸੀ ਕਿ ਮੈਂ ਵੀ,’ਮੇਰਾ ਦੇਸ਼ ਮਹਾਨ’ਟਾਈਪ ਬੋਲੀ ਬੋਲਦਾ ਸੀ।ਉਦੋਂ ਛੱਬੀ ਜਨਵਰੀ ਤੇ ਪੰਦਰਾਂ ਅਗਸਤ ਦੇ ਪ੍ਰੋਗਰਾਮ ਟੈਲੀਵੀਜਨ ਤੇ ਦੇਖਣ ਦਾ ਬੜਾ ਜਨੂੰਨ ਹੁੰਦਾ ਸੀ।ਉਦੋਂ ਪਾਕਿਸਤਾਨ ਹਰ ਵੇਲੇ ਦੁਸ਼ਮਣ ਮੁਲਕ ਜਾਪਦਾ ਹੁੰਦਾ ਸੀ ਤੇ ਹਰ ਮੁਸਲਮਾਨ ਨੂੰ ਨਫਰਤ ਕਰਨ ਨੂੰ ਦਿਲ ਕਰਦਾ ਹੁੰਦਾ ਸੀ।ਪਰ ਘਟਨਾਵਾਂ,ਵਾਰਦਾਤਾਂ,ਸਾਕਿਆਂ ਨੇ ਐਹੋ ਜਿਹੀ ਟਿਕਾਕੇ ਅਕਲ ਦਿਤੀ ਕਿ ਸਭ ਸਮਝ ਆ ਗਈ ਕਿ ਇਹ ਮੁਲਕ ਸਿਖੀ ਤੇ ਸਿਖਾਂ ਦਾ ਵੈਰੀ ਹੈ।ਪਹਿਲਾਂ ਪਹਿਲਾਂ ਦਿਲ ਨੂੰ ਯਕੀਨ ਹੀ ਨਹੀ ਸੀ ਹੁੰਦਾ ਕਿ ਇਸ ਮੁਲਕ ਦੀ ਹਕੂਮਤੀ ਮਸ਼ੀਨਰੀ ਦੇ ਸਾਰੇ ਅੰਗ (ਕਾਨੂੰਨਪਾਲਿਕਾ,ਵਿਧਾਨਪਾਲਿਕਾ,ਨਿਆਪਾਲਿਕਾ) ਬੜੀ ਵਿਉਂਤਬੰਦੀ ਨਾਲ ਸਿਖ ਜਜਬਾਤਾਂ ਦੇ ਉਲਟ ਭੁਗਤਦੇ ਹਨ ਤੇ ਸਹਿਜੇ ਸਹਿਜੇ ਸਿਖਾਂ ਦਾ ਬ੍ਰਾਹਮਣੀਕਰਨ ਕੀਤਾ ਜਾ ਰਿਹਾ।ਪਰ ਜਦ ਇਹ ਭਰਮ ਟੁੱਟਿਆ ਤਾਂ ਇਕ ਵੇਰ ਬੜੀ ਤਕਲੀਫ ਹੋਈ,ਕਾਫੀ ਚਿਰ ਬੜੀ ਦੁਵਿਧਾ ਰਹੀ । ਕਦੇ ਉਹ ਸਿਖ ਠੀਕ ਲੱਗਣ ਜਿਹੜੇ ਸਿਖ ‘ਹਿੰਦੋਸਤਾਨ ਜਿੰਦਾਬਾਦ’ ਕਹਿੰਦੇ ਸੀ ਤੇ ਕਦੇ ਉਹ ਠੀਕ ਲੱਗਣ ਜਿਹੜੇ ‘ਖਾਲਿਸਤਾਨ ਜਿੰਦਾਬਾਦ’ ਕਹਿੰਦੇ ਸੀ।ਯਕੀਨ ਮੰਨੋ ਕਿ ਮੈਂ ਕਦੇ ਵੀ ‘ਤਿਰੰਗੇ ਝੰਡੇ,ਭਾਰਤੀ ਸੰਵਿਧਾਨ ਤੇ ਭਾਰਤ ਮਾਤਾ ਕੀ ਜੈ ਵਾਲੇ ‘ਮਹੌਲ ਵਿਚੋਂ ਨਹੀ ਸੀ ਨਿਕਲਣਾ ਪਰ ਸਹਿਜੇ- ਸਹਿਜੇ ਅਗਲਿਆਂ ਨੇ ਉਹ ਸਭ ਕੁਝ ਕੀਤਾ ਜੀਹਦੇ ਨਾਲ ਮੂੰਹ ਵਿਚੋਂ ‘ਹਿੰਦੋਸਤਾਨ ਜਿੰਦਾਬਾਦ’ ਦੀ ਥਾਂ ਖੁਦ-ਬ-ਖੁਦ ‘ਖਾਲਿਸਤਾਨ ਜਿੰਦਾਬਾਦ’ ਨਿਕਲਣ ਲੱਗ ਪਿਆ।ਜਦ ਮੈਨੂੰ ਖਾਲਿਸਤਾਨੀ-ਅਕਲ ਆਈ ਸੀ,ਉਦੋਂ ਸਿਖਣ-ਸਿਖਾਉਣ ਵਾਲੇ ਸਾਧਨ ਐਨੇ ਨਹੀ ਸੀ।ਮੈਂ ਤਾਂ ਬੜੀ ਵੇਰ ਪੰਥਕ/ਖਾਲਿਸਤਾਨੀ ਸੋਚ ਵਾਲਿਆਂ ਭੈਣ-ਭਰਾਵਾਂ ਨਾਲ ਬਹਿਸਬਾਜ਼ੀ ਕਰਕੇ ਉਨਾਂ ਨੂੰ ਤੰਗ ਕਰਦਾ ਰਿਹਾ ਹਾਂ।ਧੰਨ ਦੇ ਨੇ ਉਹ ਲੋਕ ਜਿੰਨਾਂ ਨੇ ਮੇਰੇ ਉਨਾਂ ਸਵਾਲਾਂ ਨੂੰ ਝੱਲਿਆ ਤੇ ਮੇਰੇ ਸ਼ੰਕੇ ਨਵਿਰਤ ਕਰਨ ਦੀ ਸਫਲ ਕੋਸ਼ਿਸ਼ ਕੀਤੀ।ਅੱਜ ਸੋਸ਼ਿਲ ਮੀਡੀਆ ਕਰਕੇ ਅਕਲ ਦੇਣ ਵਾਲਾ ਮਹੌਲ ਬੜੀ ਛੇਤੀ ਅਸਰ ਕਰਦਾ ਹੈ।ਹੁਣ ਜਦ ਸਿਖਾਂ ਵਿਚੋਂ ਕਈ ਭੈਣ-ਭਰਾਵਾਂ ਦੇ ਜਜਬਾਤਾਂ ਨੂੰ ਦੇਖਦਾ ਹਾਂ ਤਾਂ ਮਹਿਸੂਸ ਕਰ ਲੈਂਦਾ ਹਾਂ ਕਿ ਬੜੀ ਜਲਦੀ ਇਹ ਵੀ ਹਿੰਦੋਸਤਾਨ ਦੀ ਥਾਂ ਖਾਲਿਸਤਾਨ ਜਿੰਦਾਬਾਦ ਕਹਿਣ ਲੱਗ ਪਵੇਗਾ।ਜਦ ਵੀ ਸਿਖ ਜਜਬਾਤ ਦਾਅ ਉਪਰ ਲੱਗਦੇ ਹਨ ਤਾਂ ਹਰ ਵਾਰ ਜਿਹੜੇ ਸਿਖ ਬੱਚੇ-ਬੱਚੀਆਂ ਨੂੰ ਯਕੀਨ ਹੁੰਦਾ ਹੈ ਕਿ “ਅਜੇ ਐਨਾ ਹਨੇਰ ਨਹੀ ਪਿਆ,ਸਾਡੀ ਸੁਣੀ ਜਾਊਗੀ”ਤਾਂ ਜਦ ਉਹ ਦੇਖਦੇ ਨੇ ਕਿ ਸਾਰਾ ਮੁਲਕ ਸਿਖੀ ਤੇ ਸਿਖਾਂ ਦੇ ਖਿਲਾਫ ਇਕਜੁਟ ਹੋਇਆ ਖੜ੍ਹਾ ਹੈ ਤਾਂ ਉਹ ਪਹਿਲਾਂ ਚੁਪ-ਗੜੁਪ ਜਿਹੇ ਹੋ ਜਾਦੇ ਹਨ।ਉਨਾਂ ਦਾ ਵਿਸਵਾਸ਼ ੁੱਟਦਾ ਹੈ।ਪਰ ਪੱਕੀ ਤਰਾਂ ਭਾਰਤ ਵਿਚੋਂ ਭਰੋਸਾ ਖਤਮ ਹੋਣ ਨੂੰ ਬੜਾ ਵਕਤ ਲੱਗਦਾ ਹੈ।ਕਈ ਵੇਰ ਕਈ ਕਈ ਮਹੀਨੇ ਤੇ ਕਈ ਕਈ ਸਾਲ ਬੰਦਾ ਵਿਚਾਲੇ ਲਮਕਦਾ ਰਹਿੰਦਾ ਹੈ।ਕਈਆਂ ਨੂੰ ਐਹੋ ਜਿਹੀ ਘਟਨਾ ਜਾਂ ਵਾਰਦਾਤ ਦੇਖਣ ਜਾਂ ਹੰਢਾਉਣ ਨੂੰ ਮਿਲ ਜਾਂਦੀ ਹੈ ਕਿ ਦੋ ਮਿੰਟ ਵਿਚ ਹੀ ਹਿੰਦੋਸਤਾਨ ਦੀ ਥਾ ਖਾਲਿਸਤਾਨ ਜਿੰਦਾਬਾਦ ਕਹਿਣ ਲੱਗ ਪੈਂਦਾ ਹੈ।ਹੁਣ ਆਹ ਜੋ ‘ਨਾਨਕ ਸ਼ਾਹ ਫਕੀਰ’ਫਿਲਮ ਵਾਲਾ ਵਰਤਾਰਾ ਹੈ ਇਹਨੇ ਹੋਰ ਬੇਅੰਤ ਸਿਖਾਂ ਨੂੰ ‘ਖਾਲਿਸਤਾਨ ਜਿੰਦਾਬਾਦ’ਕਹਿਣ ਲਾਉਣਾ ਹੈ।ਜੇ ਕੋਈ ਸਿਖ ਸਮਝਾਕੇ,ਦਲੀਲਾਂ ਨਾਲ,ਤਕਰੀਰ ਕਰਕੇ,ਤੱਥ ਤੇ ਸਬੂਤ ਦੇਕੇ ਚਾਹੇ ਕਿ ਮੈਂ ਸਿਖਾਂ ਨੂੰ ਖਾਲਿਸਤਾਨੀ ਬਣਾ ਲਵਾਂਗਾਂ ਤਾਂ ਮੈਂ ਲਿਖਕੇ ਦੇਣ ਨੂੰ ਤਿਆਰ ਹਾਂ ਕਿ ਉਹ ਕਦੇ ਕਾਮਯਾਬ ਨਹੀ ਹੋ ਸਕਦਾ ਪਰ ਹਿੰਦੋਸਤਾਨੀ ਸਿਸਟਮ ਦਾ ਕੋਹਝ ਸਕਿੰਟ ਵਿਚ ਸਿਖਾਂ ਨੂੰ ਹਿੰਦੋਸਤਾਨ ਨਾਲੋਂ ਤੋੜ ਦਿੰਦਾ ਹੈ ਤੇ ਖਾਲਿਸਤਨ ਦੇ ਰਾਹ ਤੋਰ ਦਿੰਦਾ ਹੈ।ਜਿਹੜੇ ਸਿਖ ਭੈਣ-ਭਰਾ ਖਾਲਿਸਤਾਨੀਆਂ ਨਾਲ ਬਹਿਸਦੇ ਹਨ,ਲੜਦੇ ਹਨ ਉਨਾਂ ਵਾਂਗ ਮੈਂ ਵੀ ਕਦੇ ਇਹੀ ਕੁਝ ਕਰਦਾ ਸੀ,ਹੋਰ ਵੀ ਇੰਝ ਹੀ ਕਸ਼ਮਕਸ਼ ਵਿਚ ਫਸਕੇ ਨਿਕਲੇ ਨੇ।ਇਹ ਇਕ ਸੁਭਾਵਿਕ ਦੌਰ ਹੁੰਦਾ ਹੈ ਜਦ ਸਿਖ ਮਨ ਦੁਵਿਧਾ ਵਿਚ ਘਿਰਦਾ ਹੈ।ਪਰ ਫੇਰ ਖੁਦ-ਬ-ਖੁਦ ਹੀ ਖਾਲਿਸਤਾਨ ਜਿੰਦਾਬਾਦ ਕਹਿਣ ਨੂੰ ਦਿਲ ਕਰਦਾ ਹੈ।ਫੇਰ ਉਹੀ ਸਿਖ ਕਿਸੇ ਨਾ ਕਿਸੇ ਹਿੰਦੋਸਤਾਨੀ ਬਿਰਤੀ ਵਾਲੇ ਸਿਖ ਨੂੰ ਸਮਝਾਉਂਦਾ ਹੋਇਆ ਕਹਿੰਦਾ ਹੈ ਕਿ ਤੈਨੂੰ ਮੈਂ ਨਹੀ ਸਮਝਾ ਸਕਦਾ ਪਰ ਦੇਖ ਲਈਂ ਤੂੰ ਖੁਦ ਹੀ ਇਕ ਦਿਨ ਮੇਰੇ ਵਾਂਗ ਖਾਲਿਸਤਾਨੀ ਬਣ ਜਾਣਾ,ਮੈਂ ਵੀ ਇਸੇ ਤਰਾਂ ਬਣਿਆ ਹਾਂ ।ਜਦ ਹਿੰਦੋਸਤਾਨੀ ਬਿਰਤੀ ਵਾਲਾ ਖਪਦਾ ਹੈ ਕਿ ਮੈਂ ਹਿੰਦੋਸਤਾਨੀ ਨਿਜਾਮ ਦੀਆਂ ਵਧੀਕੀਆਂ ਤੋਂ ਪਰੇਸ਼ਾਨ ਜਰੂਰ ਹਾਂ ਪਰ ਕਦੇ ਵੀ ਖਾਲਿਸਤਾਨ ਦੇ ਹਮਾਇਤੀ ਨਹੀ ਹੋ ਸਕਦਾ ਤਾਂ ਅਗਲਾ ਕਹਿੰਦਾ ਕੋਈ ਨਾ ਸਭ ਕੁਝ ਤੇਰੇ ਸਾਹਮਣੇ ਹੀ ਹੋ ਜਾਣਾ!ਇਹ ਕਹਿੰਦੇ ਵਕਤ ਬੁੱਲਾਂ ਤੇ ਮੱਲੋਮੱਲੀ ਮੁਸਕਾਨ ਵੀ ਆ ਜਾਦੀ ਹੈ ਕਿ ਜਦ ਇਹੀ ਗੱਲ ਮੈਨੂੰ ਕਿਸੇ ਨੇ ਕਹੀ ਸੀ ਤਾਂ ਮੈਂ ਕਿੰਨਾ ਖਪਦਾ ਹੁੰਦਾ ਸੀ। (ਸਰਬਜੀਤ ਸਿੰਘ ਘੁਮਾਣ)

Leave a Reply