ਵਿਦੇਸ਼ੀ ਗੁਰੂਦਵਾਰਿਆਂ ਵਿੱਚ ਵੱਧ ਰਹੀਆਂ ਲੜਾਈਆਂ -ਸੰਪਾਦਕੀ

ਇਹ ਮਸਲਾ ਭਾਵੇਂ ਬਹੁਤ ਹੀ ਨਾਜ਼ਕ ਹੈ ਪਰ ਇਸ ਬਾਰੇ ਗੱਲ ਕਰਨੀ ਵੀ ਬਹੁਤ ਜ਼ਰੂਰ  ਹੈ । ਗੁਰੂਦਵਾਰਿਆਂ ਦੇ ਪ੍ਰਬੰਧ ਨੂੰ ਲੈ ਕੇ ਹੋਣ ਵਾਲ਼ੀਆਂ ਲੜਾਈਆਂ ਕੋਈ ਨਵੀਂ ਗੱਲ ਨਹੀਂ, ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ । ਜੇ ਸਿੱਖ ਇਤਿਹਾਸ ਵੱਲ ਨਿਗਾਹ ਮਾਰੀਏ ਤੇ ਇਹ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਦੀ ਹੈ ਕੇ ਹਮੇਸ਼ਾ ਹੀ ਸਿੱਖ ਵਿਰੋਧੀਆਂ ਦੀ ਇਹ ਕੋਸ਼ੀਸ਼ ਰਹੀ ਹੈ ਕੀ ਕਿਵੇਂ ਨਾਂ ਕਿਵੇਂ ਗੁਰਦਵਾਰਾ ਸਾਹਿਬ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲਿਆ ਜਾਵੇ । ਉਹ ਸ਼ਾਇਦ ਇਸ ਕਰਕੇ ਕੀ ਸਿੱਖਾਂ ਦੇ ਗੁਰਦਵਾਰੇ ਇੱਕ ਪੂਜਾ ਦਾ ਸਥਾਨ ਨਾਂ ਹੋਕੇ ਮੀਰੀ ਅਤੇ ਪੀਰੀ (ਭਗਤੀ ਅਤੇ ਸ਼ਕਤੀ)ਦੇ ਪ੍ਰਤੀਕ ਹਨ । ਜਦੋਂ ਵੀ ਕਿਸੇ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਗੁਰਮਤ ਦੇ ਧਾਰਨੀ, ਮੀਰੀ ਅਤੇ ਪੀਰੀ ਦੀ ਗੱਲ ਕਰਨ ਵਾਲੇ ਗੁਰਸਿੱਖਾਂ ਕੋਲ ਆਉਂਦਾ ਹੈ ਤੇ ਸਰਕਾਰਾਂ ਆਪਣੇ ਦਲਾਲਾਂ ਰਾਹੀਂ ਉਸ ਪ੍ਰਬੰਧ ਨੂੰ ਆਪਣੇ ਕਬਜ਼ੇ ਹੇਠ ਕਰਨ ਦੀ ਕੋਸ਼ੀਸ਼ਾਂ ਕਰਦੀਆਂ ਹਨ ਜਾਂ ਜਿੱਥੇ ਇਹ ਸਰਕਾਰੀ ਦਲਾਲ ਕਾਬਜ਼ ਹੁੰਦੇ ਹਨ ਜਦੋਂ ਗੁਰਸਿੱਖਾਂ ਵੱਲੋਂ ਉਸ ਗੁਰਦਵਾਰਾ ਪ੍ਰਬੰਧ ਨੂੰ ਇਹਨਾਂ ਦੇ ਕਬਜ਼ੇ ਚੋ ਅਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦੋਨਾ ਹੀ ਮੋਕਿਆਂ ਤੇ ਗੁਰਦਵਾਰਾ ਸਾਹਿਬ ਵਿੱਚ ਲੜਾਈ ਹੋ ਜਾਂਦੀ ਹੈ ਜਾਂ ਫਿਰ ਚੋਧਰ ਦੀ ਭੁੱਖ ਵੀ ਇੱਕ ਅਹਿਮ ਕਾਰਣ ਹੈ । ਇਹ ਬੜੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ, ਪਰ ਅੱਜ ਹਰ ਕਿਸੇ ਦੇ ਹੱਥ ਵਿੱਚ ਵੀਡੀਓ ਰਿਕਾਰਡਿੰਗ ਵਾਲਾ ਫ਼ੋਨ ਹੋਣ ਕਰਕੇ ਅਤੇ ਸ਼ੋਸਲ ਮੀਡੀਆ ਹੋਣ ਕਰਕੇ ਸਿੱਖ ਕੋਮ ਨੂੰ ਦੁਨੀਆਂ ਭਰ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਸੇ ਵਾਪਰ ਰਹੀ ਘਟਣਾ ਦੀ ਵੀਡੀਓ ਰਿਕਾਰਡਿੰਗ ਕਰਨੀ ਚੰਗੀ ਗੱਲ ਹੈ ਤਾਂ ਜੋ ਅਸਲ ਦੋਸ਼ੀ ਦਾ ਪਤਾ ਲੱਗ ਸਕੇ ਪਰ ਉਸ ਵੀਡੀਓ ਨੂੰ ਅਸੀਂ ਫੇਸਬੁੱਕ, ਵਟਸਐਪ ਜਾਂ ਹੋਰ ਸ਼ੋਸਲ ਮੀਡੀਏ ਤੇ ਸ਼ੇਅਰ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ ? ਅੱਜ ਸਾਡੇ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਲਾਲਸਾ ਇੰਨੀ ਵੱਧ ਚੁੱਕੀ ਹੈ ਕੇ ਅਸੀਂ ਦੂਸਰੇ ਧੱੜੇ ਨੂੰ ਸਾਡੇ ਆਪਣੇ ਧੱੜੇ ਤੋਂ ਨੀਵਾਂ ਤੇ ਝੂਠਾ ਸਾਬਿਤ ਕਰਨ ਲਈ ਸਾਰੀ ਕੋਮ ਨੂੰ ਸ਼ਰਮਸ਼ਾਰ ਕਰਨ ਵਿੱਚ ਵੀ ਮਾਣ ਮਹਿਸੂਸ ਕਰਦੇ ਹਾਂ । ਸ਼ੋਸਲ ਮੀਡੀਆ ਤੇ ਬੈਠੇ ਭਾਰਤੀ ਏਜੰਸੀਆਂ ਦੇ ਕਰੀੰਦੇ ਨਕਲੀ ਆਈਡੀਆਂ ਰਾਹੀਂ ਫਿਰ ਇਹਨਾਂ ਵੀਡੀਓਜ ਨੂੰ ਸਿੱਖ ਸਮਪਰਦਾਵਾਂ ਦੀ ਆਪਸੀ ਲੜਾਈ ਦਾ ਰੂਪ ਦੇ ਦਿੰਦੇ ਹਨ । ਇਹ ਗੱਲ ਵੀ ਅਸੀਂ ਚੰਗੀ ਤਰਾਂ ਜਾਣਦੇ ਹਾਂ ਕੇ ਵਿਦੇਸ਼ਾਂ ਦੀ ਧਰਤੀ ਤੇ ਸਿਖ ਕੋਮ ਨੂੰ ਮਿਲ ਰਿਹਾ ਮਾਣ ਭਾਰਤੀ ਸਿਸਟਮ ਨੂੰ ਹਜ਼ਮ ਨਹੀਂ ਹੋ ਰਿਹਾ ਅਤੇ ਉਹਦੀ ਹਰ ਵਕਤ ਇਹੀ ਕੋਸ਼ਿਸ਼ ਹੁੰਦੀ ਹੈ ਕੀ ਕਿਵੇਂ ਨਾਂ ਕਿਵੇਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੋਮ ਸਾਬਿਤ ਕੀਤਾ ਜਾਵੇ ਪਰ ਫਿਰ ਵੀ ਅਸੀਂ ਉਹਦੀ ਸਾਜਿਸ਼ ਦਾ ਸ਼ਿਕਾਰ ਹੋ ਜਾੰਦੇ ਹਾਂ । ਜਿੱਥੇ ਇਹ ਲੜਾਈਆਂ ਕੁਛ ਚੋਧਰ ਦੇ ਭੱੁਖੇ ਲੋਕਾਂ ਵਲੋੰ ਸ਼ਿਰਫ ਇੱਕ ਦੂਜੇ ਤੋਂ ਚੋਧਰ ਖੋਹਣ ਲਈ ਕੀਤੀਆੰ ਜੰਾਦੀਆਂ ਹਨ ਉਹਨਾਂ ਦਾ ਸੰਗਤੀ ਰੂਪ ਵਿੱਚ ਬਾਈਕਾਟ ਕੀਤਾ ਜਾਵੇ । ਗੁਰੂਦਵਾਰਿਆਂ ਵਿੱਚ ਲੜਾਈ ਦੇ ਕਾਰਣ ਭਾਵੇਂ ਕੁੱਛ ਵੀ ਹੋਣ ਪਰ ਸਿੱਖ ਕੋਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਡੀ ਨੋਜਵਾਨ ਪੀੜੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ । ਭਾਵੇਂ ਕੀ ਭਾਰਤੀ ਦਲਾਲ਼ਾ ਨੂੰ ਗੁਰਦਵਾਰਾ ਪ੍ਰਬੰਧ ਤੋਂ ਦੂਰ ਰੱਖਣਾ ਅੱਜ ਵਿਦੇਸ਼ੀ ਸਿੱਖਾਂ ਲਈ ਅੱਤ ਜ਼ਰੂਰੀ ਹੈ ਪਰ ਇਸ ਗੱਲ ਤੇ ਵੀ ਡੂੰਗੀ ਵਿਚਾਰ ਕਰਨ ਦੀ ਲੋੜ ਹੈ ਕੇ ਗਰੂਦਵਾਰਾ ਸਾਹਿਬ ਨੂੰ ਜੰਗ ਦਾ ਮੈਦਾਨ ਨਾਂ ਬਣਾਇਆਂ ਜਾਵੇ । ਗੁਰੂ ਨਾਨਕ ਨਾਮ ਲੇਵਾ ਹਰ ਸਿੱਖ ਦਾ ਫਰਜ ਬਣਦਾ ਹੈ ਕੇ ਉਹ ਇਸ ਮਸਲੇ ਤੇ ਡੂੰਗੀ ਵਿਚਾਰ ਕਰੇ ਅਤੇ ਆਪਣੇ ਸੁਝਾਵ ਦੇਵੇ । ਇਹ ਨਾਂ ਭੁੱਲੋ ਕੀ ਇਹਨਾਂ ਲੜਾਇਆਂ ਵਿੱਚ ਸ਼ਾਮਿਲ ਹੋਣ ਵਾਲੇ ਜਿੰਨੇ ਦੋਸ਼ੀ ਹਨ ਉੰਨੇ ਹੀ ਦੋਸ਼ੀ ਸ਼ੋਸਲ ਮੀਡੀਏ ਤੇ ਵਿਡੀਓਜ ਸ਼ੇਅਰ ਕਰਨ ਵਾਲੇ ਵੀ ਹਨ । ਇੱਕ ਆਖਰੀ ਗੱਲ ਜਦੋਂ ਵੀ ਕਦੇ ਕਿਸੇ ਗੁਰਦਵਾਰਾ ਸਾਹਿਬ ਵਿੱਚ ਕੋਈ ਲੜਾਈ ਹੋ ਜਾਵੇ ਉਸਨੂੰ ਫੱਟਾ ਫਟ ਖਾਲਿਸਤਾਨ ਨਾਲ ਜੋੜ ਦਿੱਤਾ ਜਾਂਦਾ ਹੈ ਭਾਵੇਂ ਉਸ ਲੜਾਈ ਵਿੱਚ ਕੋਈ ਖਾਲਸਤਾਨੀ ਧਿਰ ਦੋਸ਼ੀ ਹੋਵੇ ਜਾਂ ਨਾਂ । ਤਰਕ ਇਹ ਦਿੱਤਾ ਜਾਂਦਾ ਹੈ ਕਿ ਦੇਖੋ ਜੀ ਗੁਰਦਵਾਰਾ ਸਾਹਿਬ ਚ ਕਠੇ ਰਹਿ ਨਹੀਂ ਸਕਦੇ ਖਾਲਿਸਤਾਨ ਚ ਕਿਵੇਂ ਰਹਿਣਗੇ ਅਖੇ ਇਸ ਕਰਕੇ ਅਸੀਂ ਖਾਲਿਸਤਾਨ ਦੇ ਹਾਮੀ ਨਹੀਂ ਹਾਂ । ਮੇਰਾ ਸਵਾਲ ਹੈ ਉਹਨਾਂ ਲੋਕਾਂ ਨੂੰ ਕੀ ਲੜਾਈ ਤੇ ਹਰ ਘਰ ਵਿੱਚ ਹੁੰਦੀ ਹੈ ਕਦੇ ਨਾਂ ਕਦੇ ਪਰ ਕੀ ਅਸੀਂ ਹੁਣ ਘਰ ਵਸਾਉਣੇ ਜਾਂ ਘਰ ਬਣਾਉਣੇ ਛੱਡ ਸਕਦੇ ਹਾਂ ?? ਲੋੜ ਹੈ ਸਾਰੇ ਸੁਹਿਰਦ ਸਿੱਖ ਵਿਚਾਰ ਕਰਕੇ ਇਹਨਾਂ ਲੜਾਈਆਂ ਦਾ ਹੱਲ ਲੱਭਣ । ਕੋਮੀ ਘਰ ਦੇ ਸੰਘਰਸ਼ ਤੋਂ ਭੱਜਣਾ ਇਸਦਾ ਹੱਲ ਨਹੀਂ । ਭੁੱਲ ਚੁੱਕ ਦੀ ਮਾਫ, ਆਪਣੇ ਵਿਚਾਰ ਜ਼ਰੂਰ ਦੇਣੇ ।

Leave a Reply