ਮਹਾਨ ਜਰਨੈਲ ਸ.ਜੱਸਾ ਸਿੰਘ ਰਾਮਗੜ੍ਹੀਆ

ਇਸ ਮਹਾਨ ਯੋਧੇ ਦਾ ਜਨਮ 5 ਮਈ 1723 ਈ. ਨੂੰ ਲਾਹੌਰ ਤੋਂ 12 ਮੀਲ ਚੜ੍ਹਦੇ ਵੱਲ ਇਚੋਗਿਲ ਨਾਮੀ ਸਥਾਨ ’ਤੇ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ। ਇਤਿਹਾਸਕਾਰ ਲਿਖਦੇ ਹਨ ਕਿ ਇਹਨਾਂ ਦਾ ਪਿਛਲਾ ਪਿੰਡ ਸੁਰ ਸਿੰਘ ਸੀ । ਇਹ ਪਿੰਡ ਖੇਮਕਰਨ ਤੋਂ 30 ਕਿਲੋਮੀਟਰ ਦੂਰ ਹੈ। ਆਪ 5 ਭਰਾ ਸਨ ਜੱਸਾ ਸਿੰਘ ,ਜੈ ਸਿੰਘ ,ਖ਼ੁਸ਼ਹਾਲ ਸਿੰਘ ,ਮਾਲੀ ਸਿੰਘ ਤੇ ਤਾਰਾ ਸਿੰਘ। ਬਾਅਦ ਵਿੱਚ ਇਹ ਲੋਕ ਪਿੰਡ ਈਚੋਗਿੱਲ ਵਿੱਚ ਜਾ ਵੱਸੇ ਇਸ ਕਰਕੇ ਪਹਿਲਾਂ ਸ: ਜੱਸਾ ਸਿੰਘ ਈਚੋਗੀਲਿਆ ਕਰਕੇ ਵੀ ਪ੍ਰਸਿੱਧ ਹੋਏ। ਫਿਰ ਇਹ ਪਰਿਵਾਰ ਨਵਾਬ ਕਪੂਰ ਸਿੰਘ ਜੀ ਦੀ ਕਾਇਮ ਕੀਤੀ ਪਹਿਲੀ ਸਿੱਖ ਜੱਥੇਬੰਦੀ ਦਲ ਖਾਲਸਾ ਵਿੱਚ ਸ਼ਾਮਲ ਹੋ ਕੇ ਜੱਥੇਬੰਦੀ ਦਾ ਹਿੱਸਾ ਬਣ ਗਏ । ਜੱਥੇਬੰਦੀ ਵਿੱਚ ਮਿਹਨਤ ਅਤੇ ਲਗਨ ਦੁਆਰਾ ਇਹਨਾਂ ਦਾ ਰੁਤਬਾ ਬਹੁਤ ਉੱਚਾ ਚਲਾ ਗਿਆ । ਨਵਾਬ ਕਪੂਰ ਸਿੰਘ ਮਗਰੋਂ ਦਲ ਖਾਲਸਾ ਦੀ ਕਮਾਨ ਸ: ਜੱਸਾ ਸਿੰਘ ਆਹਲੂਵਾਲੀਆ ਕੋਲ ਆ ਗਈ ਪਰ ਸ: ਜੱਸਾ ਸਿੰਘ ਰਾਮਗੜ੍ਹੀਆ ਪ੍ਰਮੁੱਖ ਜਰਨੈਲ ਬਣਿਆ ਰਿਹਾ।
ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਬਾਬਾ ਸ: ਹਰਦਾਸ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸ਼ਤਰ ਤਿਆਰ ਕਰਕੇ ਦੇਣ ਵਾਲੇ ਕਾਰੀਗਰਾਂ ਵਿੱਚ ਸ਼ਾਮਲ ਸਨ। ਕਹਿੰਦੇ ਹਨ ਕਿ ਜਿਸ ਨਾਗਨੀ ਨਾਲ ਭਾਈ ਬਚਿੱਤਰ ਸਿੰਘ ਨੇ ਪਹਾੜੀ ਰਾਜਿਆਂ ਦੇ ਮਸਤੇ ਹਾਥੀ ਨੂੰ ਮਾਰਿਆ ਸੀ , ਉਹ ਨਾਗਨੀ ਸ: ਹਰਦਾਸ ਸਿੰਘ ਨੇ ਬਣਾਈ ਸੀ । ਆਪ ਦੇ ਪਿਤਾ ਸ: ਭਗਵਾਨ ਸਿੰਘ ਬਹੁਤ ਸੰਤ ਸੁਭਾਅ ਵਿਅਕਤੀ ਸਨ । ਉਹ ਆਪਨੇ ਜ਼ਮਾਨੇ ਦੇ ਬਹੁਤ ਉਘੇ ਧਾਰਮਿਕ ਪ੍ਰਚਾਰਕ ਸਨ। ਇਸ ਕਰਕੇ ਉਹਨਾਂ ਨੂੰ ਗਿਆਨੀ ਭਗਵਾਨ ਸਿੰਘ ਆਖਿਆ ਜਾਂਦਾ ਸੀ। ਉਹਨਾਂ ਦਾ ਕੰਮ ਸਿੱਖ ਪਰਿਵਾਰਾਂ ਵਿੱਚ ਪ੍ਰਚਾਰ ਕਰਕੇ ਨਵੇਂ ਬਚਿਆਂ ਨੂੰ ਸਿੱਖੀ ਦੀ ਲਗਨ ਲਗਾਉਣਾ ਅਤੇ ਜੋਸ਼ ਭਰਨਾ ਸੀ। ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ ਏਸ਼ੀਆ ਦੇ ਪ੍ਰਸਿੱਧ ਜੇਤੂ ਨਾਦਰ ਸ਼ਾਹ ਦੇ ਨਾਲ ਲੜੀ। ਉਸ ਵਕਤ ਉਹ ਤੇ ਉਹਨਾਂ ਦੇ ਪਿਤਾ ਭਗਵਾਨ ਸਿੰਘ ਜੋ ਦਲ ਖਾਲਸਾ ਦੇ ਜਾਂਬਾਜ਼ ਸਿਪਾਹੀ ਸਨ। ਦਲ ਖਾਲਸਾ ਤੇ ਪੰਜਾਬ ਦੇ ਹਾਕਮ ਜ਼ਕਰੀਆ ਖਾਂ ਵਿੱਚ ਬਹੁਤ ਜਬਰਦਸਤ ਟੱਕਰ ਹੁੰਦੀ ਰਹੀ ਪਰ ਜਦੋਂ ਜ਼ਕਰੀਆ ਖਾਂ ਸਿੰਘਾਂ ਨਾਲ ਲੜ ਲੜ ਕੇ ਥੱਕ ਗਿਆ ਤਾਂ, ਉਸਨੇ ਸਿੱਖਾਂ ਨੂੰ ਜਾਗੀਰ ਦੇ ਕੇ ਸਮਝੌਤਾ ਕਰ ਲਿਆ। ਨਾਦਰ ਸ਼ਾਹ ਦੇ ਪੰਜਾਬ ਉੱਤੇ ਹਮਲੇ ਸਮੇਂ ਉਸ ਦੀ ਦਲ ਖਾਲਸਾ ਨਾਲ ਟੱਕਰ ਹੋਈ। ਇਸ ਲੜਾਈ ਵਿੱਚ 14 ਸਾਲਾ ਸ: ਜੱਸਾ ਸਿੰਘ ਰਾਮਗੜ੍ਹੀਏ ਨੇ ਯੁੱਧ ਕਲਾ ਦੇ ਉਹ ਜੋਹਰ ਦਿਖਾਏ ਜਿਸਨੂੰ ਵੇਖ ਕੇ ਵੱਡੇ ਵੱਡੇ ਜਰਨੈਲ ਹੈਰਾਨ ਰਹਿ ਗਏ ਪਰ ਇਸ ਲੜਾਈ ਵਿੱਚ ਉਹਨਾਂ ਦੇ ਪਿਤਾ ਸ: ਭਗਵਾਨ ਸਿੰਘ ਸ਼ਹੀਦ ਹੋ ਗਾਏ । ਛੋਟੀ ਉਮਰ ਵਿੱਚ ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਸਿਰ ਤੋਂ ਬਾਪ ਦਾ ਸਾਇਆ ਉਠ ਗਿਆ ਪਰ ਉਸ ਨੌਜਵਾਨ ਨੇ ਹੌਂਸਲਾ ਨਹੀਂ ਹਾਰਿਆ। ਇਹ ਭਿਅੰਕਰ ਲੜਾਈ ,ਵਜੀਰਾ ਬਾਦ ਕਿਲਾ ਗੁਜਰਾਂ ਵਾਲਾ ਵਿਖੇ ਹੋਈ। ਇਸ ਲੜਾਈ ਵਿੱਚ ਸਿੱਖ ਸਿਪਾਹੀਆਂ ਦੀ ਬਹਾਦਰੀ ਨੂੰ ਵੇਖ ਕੇ ਨਾਦਰ ਸ਼ਾਹ ਨੂੰ ਪਿਛੇ ਮੁੜਨਾ ਪਿਆ । ਸ: ਜੱਸਾ ਸਿੰਘ ਦੀ ਬਹਾਦਰੀ ਨੂੰ ਵੇਖ ਕੇ ਜ਼ਕਰੀਆ ਖਾਨ ਨੇ ਸ: ਜੱਸਾ ਸਿੰਘ ਦੇ ਪਰਿਵਾਰ ਨੂੰ ਅੰਮ੍ਰਿਤਸਰ ਦੇ ਲਾਗੇ ਪੰਜ ਪਿੰਡ ਜਾਗੀਰ ਵੱਲੋਂ ਦਿੱਤੇ। ਉਸ ਜ਼ਮਾਨੇ ਵਿੱਚ ਸਿੱਖ ਛੋਟੀਆਂ ਛੋਟੀਆਂ ਮਿਸਲਾਂ ਵਿੱਚ ਵੰਡੇ ਹੋਏ ਸਨ। ਅਕਸਰ ਬਾਹਰੋਂ ਆਉਣ ਵਾਲੇ ਹਮਲਾਵਰ ਇਹਨਾਂ ਮਿਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਸਨ । ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਵਿਸਾਖੀ ’ਤੇ ਅੰਮ੍ਰਿਤਸਰ ਵਿੱਚ ਭਾਰੀ ਇਕੱਠ ਹੋਇਆ। ਇਸ ਇਕੱਠ ਵਿੱਚ ਗੁਰਮਤਾ ਕੀਤਾ ਗਿਆ ਕਿ ਮਿਸਲਾਂ ਦੀ ਹਿਫ਼ਾਜ਼ਤ ਲਈ ਕਿਲ੍ਹੇ ਉਸਾਰੇ ਜਾਣ। ਸ: ਸੁੱਖਾ ਸਿੰਘ ਮਾੜੀ ਕਮਬੋਕੀ ਨੇ ਆਖਿਆ ਕਿ ਸਭ ਤੋਂ ਪਹਿਲਾ ਕਿਲ੍ਹਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਉਸਾਰਿਆ ਜਾਵੇ। ਇਹ ਕਿਲ੍ਹਾ ਬਣਾਉਣ ਦੀ ਜ਼ਿੰਮੇਵਾਰੀ ਸ: ਜੱਸਾ ਸਿੰਘ ਦੀ ਲਗਾਈ ਗਈ । 18 ਮਹੀਨੇ ਵਿੱਚ ਇਹ ਕਿਲ੍ਹਾ ਬਣ ਕੇ ਤਿਆਰ ਹੋਇਆ। ਸ: ਜੱਸਾ ਸਿੰਘ ਰਾਮਗੜ੍ਹੀਆ ਗੁਰੂ ਰਾਮਦਾਸ ਦੇ ਬਹੁਤ ਸ਼ਰਧਾਲੂ ਸਨ, ਇਸ ਲਈ ਗੁਰੂ ਰਾਮਦਾਸ ਪ੍ਰਕਾਸ਼ ਪੁਰਬ ’ਤੇ ਇਸ ਕਿਲ੍ਹੇ ਦਾ ਉਦਘਾਟਨ ਹੋਇਆ ਤੇ ਇਸ ਦਾ ਨਾਮ ਗੁਰੂ ਰਾਮਦਾਸ ਦੇ ਨਾਮ ’ਤੇ ਰਾਮ ਰੌਣੀ ਰਖਿਆ ਗਿਆ। ਸੰਨ 1748 ਵਿੱਚ ਮੀਰ ਮਨੂੰ ਨੇ ਅਦੀਨਾ ਬੇਗ ਰਾਹੀਂ ਇਸ ਕਿਲੇ ਨੂੰ ਘੇਰਾ ਪਾ ਲਿਆ। ਸ: ਜੱਸਾ ਸਿੰਘ ਦੀ ਰਾਜਨੀਤਕ ਸਿਆਣਪ ਅਤੇ ਮੋਕਾ ਸੰਭਾਲਣ ਦੀ ਸੂਝ ਬੂਝ ਸਦਕਾ ਇਹ ਕਿਲ੍ਹਾ ਵੀ ਬਚ ਗਿਆ, ਸਗੋਂ ਸਮਝੌਤੇ ਅਧੀਨ ਮੀਰ ਮਨੂੰ ਨੇ ਸਿੱਖਾਂ ਨੂੰ ਪੱਟੀ ਦੇ ਪਰਗਨੇ ਵਿੱਚ ਚੋਥਾ ਹਿੱਸਾ ਮਾਲੀਆ ਦੇਣਾ ਵੀ ਮਨ ਲਿਆ। ਉਸ ਦਿਨ ਤੋਂ ਇਹ ਕਿਲ੍ਹਾ ਸਿੱਖਾਂ ਦਾ ਗੜ੍ਹ ਬਣ ਗਿਆ ਤੇ ਇਸ ਦਾ ਨਾਮ ਰਾਮ ਰੌਣੀ ਤੋਂ ਬਦਲ ਕੇ ਰਾਮਗੜ੍ਹ ਰੱਖਿਆ ਗਿਆ। ਸ: ਜੱਸਾ ਸਿੰਘ ਨੂੰ ਇਸ ਕਿਲ੍ਹੇ ਦਾ ਕਿਲੇਦਾਰ ਥਾਪਿਆ ਗਿਆ। ਇਸ ਦਿਨ ਤੋਂ ਸ: ਜੱਸਾ ਸਿੰਘ ਦੇ ਨਾਮ ਨਾਲ ਰਾਮਗੜ੍ਹੀਆ ਸ਼ਬਦ ਜੁੜ ਗਿਆ । ਸ: ਜੱਸਾ ਸਿੰਘ ਕਾਰੀਗਰ ਬਰਾਦਰੀ ਵਿਚੋਂ ਸਨ। ਇਸ ਤੋਂ ਬਾਅਦ ਉਹ ਤੇ ਉਹਨਾਂ ਦੀ ਸਾਰੀ ਬਰਾਦਰੀ ਨੂੰ ਰਾਮਗੜ੍ਹੀਏ ਸ਼ਬਦ ਨਾਲ ਸਤਿਕਾਰਿਆਂ ਜਾਣ ਲੱਗਾ।
ਸ: ਜੱਸਾ ਸਿੰਘ ਰਾਮਗੜ੍ਹੀਆ ਗੁਰੀਲਾ ਯੁੱਧ ਦੇ ਮਾਹਿਰ ਸਨ। ਪਹਾੜੀ ਇਲਾਕਿਆਂ ਵਿੱਚ ਕੋਈ ਵੀ ਜਰਨੈਲ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ । 1767 ਈ. ਵਿੱਚ ਉਹਨਾਂ ਦੀ ਲੜਾਈ ਬਿਆਸ ਦਰਿਆ ਦੇ ਕੋਲ ਅਹਿਮਦਸ਼ਾਹ ਅਬਦਾਲੀ ਨਾਲ ਹੋਈ। ਸ: ਜੱਸਾ ਸਿੰਘ ਨੇ ਏਨੀ ਬਹਾਦਰੀ ਨਾਲ ਟਾਕਰਾ ਕੀਤਾ ਕਿ ਅਹਿਮਦਸ਼ਾਹ ਅਬਦਾਲੀ ਨੂੰ ਪਿਛੇ ਹਟਨਾ ਪਿਆ। ਇਸ ਦਿਨ ਤੋਂ ਸ: ਜੱਸਾ ਸਿੰਘ ਰਾਮਗੜ੍ਹੀਆ ਦਾ ਨਾਮ 18 ਵੀਂ ਸਦੀ ਦੇ ਉਘੇ ਜਰਨੈਲਾਂ ਵਿੱਚ ਗਿਣਿਆਂ ਜਾਣ ਲੱਗਾ । ਮੁਗਲ ਸਾਮਰਾਜ ਨੂੰ ਖਤਮ ਕਰਨ ਵਾਲਾ , ਰਾਜਪੂਤਾਂ ਤੇ ਮਰਾਠਿਆਂ ਵਿਰੁੱਧ ਜਿੱਤਾਂ ਪ੍ਰਾਪਤ ਕਰਨ ਵਾਲਾ , ਪਾਨੀਪਤ ਦੀ ਲੜਾਈ ਦਾ ਜੇਤੂ ਅਹਿਮਦਸ਼ਾਹ ਅਬਦਾਲੀ ਸ: ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦੇ ਹਥਿਆਰਬੰਦ ਸਿਪਾਹੀਆਂ ਸਾਹਮਣੇ ਬੇਵੱਸ ਹੋ ਗਿਆ। ਉਸਨੇ ਤੰਗ ਆ ਕੇ ਭਾਰਤ ਉੱਤੇ ਹਮਲੇ ਨਾ ਕਰਨ ਦਾ ਫੈਸਲਾ ਕਰ ਲਿਆ। ਉਸ ਦਿਨ ਤੋਂ ਬਾਅਦ ਸਿੱਖ ਪੰਜਾਬ ਦੇ ਮਾਲਕ ਬਣੇ। ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਮਿਸਲ ਤਹਿਤ ਆਪਣੀ ਰਿਆਸਤ ਕਾਇਮ ਕੀਤੀ । ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਦਿਲ ਵਿੱਚ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀ ਦਾ ਬਹੁਤ ਸਤਿਕਾਰ ਸੀ, ਇਸ ਕਰਕੇ ਉਸਨੇ ਕਿਲ੍ਹੇ ਦਾ ਨਾਮ ਰਾਮਗੜ੍ਹ ਰਖਿਆ। ਆਪਣੀਆਂ ਬਣਾਈਆਂ ਤੋਪਾਂ ਦਾ ਨਾਮ ਰਾਮਜੰਗੇ , ਰਾਮਬਾਣ ਆਦਿ ਰਖਿਆ । ਲੰਗਰ ਦਾ ਨਾਮ ਰਾਮ ਰੋਟੀ ਅਤੇ ਖ਼ਜ਼ਾਨੇ ਦਾ ਨਾਮ ਰਾਮਸਰ ਰਖਿਆ । ਗਲ ਕੀ , ਉਸ ਨੂੰ ਜੋ ਵੀ ਚੰਗਾ ਲਗਿਆਂ । ਉਸਨੂੰ ਗੁਰੂ ਰਾਮਦਾਸ ਦੇ ਨਾਮ ਨਾਲ ਜੋੜ ਦਿੱਤਾ। ਉਸ ਮਹਾਨ ਜਰਨੈਲ ਨੇ 14 ਸਾਲ ਦੀ ਉਮਰ ਤੋਂ 80 ਸਾਲ ਦੀ ਉਮਰ ਤੱਕ ਰੱਜ ਕੇ ਤਲਵਾਰ ਵਾਹੀ ਤੇ ਪੰਜਾਬ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਰਾਜ ਕਾਇਮ ਕੀਤਾ। ਆਪ ਨੇ ਆਖਰੀ ਸਮੇਂ ਵਿੱਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਲਾਹੋਰ ਉੱਤੇ ਕਬਜਾ ਕਰਨ ਵਿੱਚ ਮੱਦਦ ਕੀਤੀ ਅਤੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਹੁੰਦਾ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਮਹਾਨ ਯੋਧਾ ਸੱਚਾ ਸੁੱਚਾ ਦੇਸ਼ ਭਗਤੀ ਦਾ ਜੀਵਨ ਬਤੀਤ ਕਰਕੇ 1803 ਈ. ਨੂੰ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਪੰਜਾਬ ਦੀ ਕਾਇਨਾਤ ਦੇ ਵਿੱਚ ਉਸ ਦੀ ਯਾਦ ਸਦਾ ਕਾਇਮ ਰਹੇਗੀ।

Leave a Reply

Your email address will not be published. Required fields are marked *