ਸ਼ਹੀਦ ਭਾਈ ਧਰਮਬੀਰ ਸਿੰਘ ਕੰਮੋਕੇ ਜੰਮੂ LLB. (ਸ਼ਹੀਦੀ 21 ਮਈ 1992)

ਪੰਜਾਬ ਅੰਦਰ ਸਿੱਖਾਂ ਦੀ ਜੁਝਾਰੂ ਲਹਿਰ ਦਬਾਉਣ ਵਿੱਚ ਹਿੰਦੁਸਤਾਨ ਸਰਕਾਰ ਨੇ ਸਿੱਖਾਂ ਅੰਦਰੋਂ ਚੇਤੰਨ ਵਰਗ ਦੇ ਪਡ਼੍ਹੇ ਲਿਖੇ ਵਕੀਲ ਅਤੇ ਕਈ ਪੱਤਰਕਾਰ ਜੋ ਸਿੱਖੀ ਦਾ ਦਰਦ ਰੱਖਦੇ ਸਨ,ਚੁੱਕ ਕੇ ਮਾਰ ਖਪਾ ਦਿੱਤੇ,ਉਹਨਾਂ ਵਿੱਚ ਪੀ.ਐਚ.ਡੀ.ਇਕਨਾਮਿਕਸ ਅਤੇ ਐਲ.ਐਲ.ਬੀ.ਭਾਈ ਧਰਮਬੀਰ ਸਿੰਘ ਕੰਮੋਕੇ ਦਾ ਨਾਂ ਵੀ ਆਉਂਦਾ ਹੈ ।

ਭਾਈ ਧਰਮਬੀਰ ਸਿੰਘ ਦਾ ਪਰਿਵਾਰਕ ਪਿਛੋਕਡ਼ ਪੁੰਛ ਤੋਂ ਖੋਜ ਵਿੱਚ ਆਉਂਦਾ ਹੈ।ਪਿਤਾ ਸ.ਹਰਨਾਮ ਸਿੰਘ ਦੇ ਘਰ ਮਾਤਾ ਨੈਣ ਕੌਰ ਦੀ ਕੁੱਖੋਂ ਜਨਮੇ ਆਪ ਪੰਜ ਭੈਣ ਭਰਾ ਸਨ: ਤ੍ਰਿਪਤ ਕੌਰ,ਦਵਿੰਦਰ ਕੌਰ,ਧਰਮਬੀਰ ਸਿੰਘ,ਮਨਮੋਹਨ ਸਿੰਘ ,ਸੁਰਜੀਤ ਸਿੰਘ ।
ਸੰਨ 1947 ਦੀ ਹਿੰਦ -ਪਾਕਿ ਵੰਡ ਪਿੱਛੋਂ ਆਪ ਦਾ ਪਰਿਵਾਰ ਪੁੰਛ ਤੋਂ ਜੰਮੂ ਆ ਗਿਆ।
ਸੰਨ 1965 ਤਕ ਜੰਮੂ ਹੀ ਰਹਿਣ ਪਿੱਛੋਂ ਕੰਮੋਕੇ ਦੇ ਗੁਰਦੁਆਰਾ ਸਾਹਿਬ ਦੇ ਗਰੰਥੀ ਲੱਗੇ ਤੇ ਆਪ ਦਾ ਪਰਿਵਾਰ ਕੰਮੋਕੇ ਆ ਵਸਿਆ। ਓਦੋਂ ਭਾਈ ਧਰਮਬੀਰ ਸਿੰਘ ਦੇ ਜਨਮ ਨੂੰ ਥੋਡ਼੍ਹਾ ਚਿਰ ਹੀ ਹੋਇਆ ਸੀ।
ਆਪ ਦਾ ਬਚਪਨ ਕੰਮੋਕੇ ਦੀਆਂ ਗਲੀਆਂ ਵਿੱਚ ਖੇਡਦਿਆਂ ਹੀ ਬੀਤਣ ਲੱਗਾ।ਨੌਵੀਂ ਕਲਾਸ ਤੱਕ ਪਡ਼੍ਹਾਈ ਆਪ ਨੇ ਨੇਡ਼ਲੇ ਪਿੰਡ ਬੁਤਾਲਾ ਦੇ ਸਕੂਲ ਤੋਂ ਕੀਤੀ ਅਤੇ ਦਸਵੀਂ ਦਾ ਇਮਤਿਹਾਨ ਗਵਾਲੀਅਰ ਤੋਂ ਦਿੱਤਾ।
ਇਸ ਤੋਂ ਬਾਅਦ ਸਠਿਆਲੇ ਕਾਲਜ ਵਿੱਚ ਦਾਖਲਾ ਲਿਆ,ਪਰ ਖਰਚਾ ਨਾ ਹੋਣ ਕਾਰਨ ਪਡ਼੍ਹਾਈ ਵਿੱਚੇ ਹੀ ਛੱਡਣੀ ਪਈ।ਫਿਰ ਕੁਝ ਦੋਸਤਾਂ ਨਾਲ ਚੰਡੀਗਡ਼੍ਹ ਜਾ ਕੇ ਕੰਮ ਕਰਨ ਲੱਗੇ ਤੇ ਨਾਲ ਹੀ ਨਾਲ ਕਾਲਜ ਵਿੱਚ ਪਡ਼੍ਹਾਈ ਵੀ ਕਰਨ ਲੱਗੇ।ਓਥੇ ਹੀ ਇੱਕ ਰਿਟਾਇਰਡ ਬ੍ਰਿਗੇਡੀਅਰ ਦੇ ਘਰ ਵਿੱਚ ਆਪ ਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਮੁਲਾਕਾਤ ਹੋਈ।
ਇਸ ਪਿੱਛੋਂ ਆਪ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਗਰਮ ਵਰਕਰ ਬਣ ਫ਼ੈਡਰੇਸ਼ਨ ਦੀਆਂ ਗ਼ੈਰ ਹਥਿਆਰਬੰਦ ਸਰਗਰਮੀਆਂ ਤੋਂ ਵੀ ਹਿੰਦ ਸਰਕਾਰ ਭੈਅ ਖਾਂਦੀ ਸੀ।ਫ਼ੈਡਰੇਸ਼ਨ ਵਰਕਰ ਬਣਨ ਪਿੱਛੋਂ ਚੰਡੀਗਡ਼੍ਹ ਵਿੱਚ ਪੁਲੀਸ ਨੇ ਆਪ ਨੂੰ ਗ੍ਰਿਫ਼ਤਾਰ ਕਰ ਕੇ ਕਾਨੂੰਨ ਤੋਡ਼ਨ ਦੇ ਕਈ ਕੇਸ ਪਾ ਕੇ ਆਪ ਨੂੰ ਜੇਲ੍ਹ ਭੇਜ ਦਿੱਤਾ।
ਆਪ ਛੇ ਮਹੀਨੇ ਬੁਡ਼ੈਲ ਜੇਲ੍ਹ ਚੰਡੀਗਡ਼੍ਹ ਵਿੱਚ ਰਹੇ ਤੇ ਫਿਰ ਜ਼ਮਾਨਤ ਕਰਵਾ ਕੇ ਬਾਹਰ ਆ ਗਏ।ਬਾਹਰ ਆ ਕੇ ਆਪ ਦੀਆਂ ਸ਼ਾਤਮਈ ਸਰਗਰਮੀਆਂ ਜਾਰੀ ਰਹੀਆਂ।ਜੂਨ 1984 ਵਿੱਚ ਜਦੋਂ ਹਿੰਦ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਆਪ ਓਦੋਂ ਚੰਡੀਗਡ਼੍ਹ ਵਿੱਚ ਹੀ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿੱਚ ਰਹਿੰਦੇ ਸੀ।ਹਿੰਦੁਸਤਾਨੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਦੇ ਨਾਲ-ਨਾਲ ਹੋਰ ਵੱਖ-ਵੱਖ ਜ਼ਿਲ੍ਹਿਆਂ ਅੰਦਰ ਗੁਰਦੁਆਰਿਆਂ ਤੇ ਵੀ ਧਾਵਾ ਬੋਲਿਆ।ਚੰਡੀਗਡ਼੍ਹ 34 ਸੈਕਟਰ ਦੇ ਗੁਰਦੁਆਰੇ ਨੂੰ ਵੀ ਘੇਰਾ ਪਿਆ,ਪਰ ਭਾਈ ਧਰਮਬੀਰ ਸਿੰਘ ਭੇਸ ਬਦਲ ਕੇ ਓਥੋਂ ਬਚ ਨਿਕਲੇ ਤੇ ਨਾਲਗਡ਼੍ਹ(ਹਿਮਾਚਲ ਪ੍ਰਦੇਸ) ਵਿੱਚ ਜਾ ਪਹੁੰਚੇ।
ਫਿਰ ਆਪ ਹਿਮਾਚਲ ਵਿੱਚ ਰਹਿ ਕੇ ਹੀ ਪੰਥਕ ਸਰਗਰਮੀਆਂ ਚਲਾਉਣ ਲੱਗੇ।ਅਗਸਤ 1984 ਵਿੱਚ ਸੂਹ ਮਿਲਣ ਤੇ ਹਿੰਦੁਸਤਾਨੀ ਫ਼ੌਜ ਨੇ ਆਪ ਨੂੰ ਸ਼ਿਮਲੇ ਤੋਂ ਗ੍ਰਿਫ਼ਤਾਰ ਕਰ ਲਿਆ।ਇੱਕ ਮਹੀਨਾ ਆਪ ਫ਼ੌਜ ਦੇ ਕਬਜ਼ੇ ਵਿੱਚ ਰਹੇ ਤੇ ਫਿਰ ਆਪ ਨੂੰ ਕਈ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ।ਇੱਕ ਸਾਲ ਬਾਅਦ ਆਪ ਦੀਆਂ ਜ਼ਮਾਨਤਾਂ ਹੋ ਗਈਆਂ ਤੇ ਫਿਰ ਆਪ ਜੇਲ੍ਹ ,ਚੋਂ ਬਾਹਰ ਆ ਗਏ।ਜੇਲ੍ਹ ਤੋਂ ਬਾਹਰ ਆ ਕੇ ਆਪ ਦੀਆਂ ਸਿੱਖਾਂ ਨੂੰ ਸਿਆਸੀ ਸੇਧ ਦੇਣ ਦੀਆਂ ਸਰਗਰਮੀਆਂ ਜਾਰੀ ਰਹੀਆਂ।
ਥੋਡ਼੍ਹੇ ਹੀ ਚਿਰ ਬਾਅਦ ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਚ ਆਪ ਦੀ ਕੀਤੀ ਤਕਰੀਰ ਨੂੰ ‘ਭਡ਼ਕਾਊ’ ਕਹਿ ਕੇ ਸਰਕਾਰ ਨੇ ਆਪ ਨੂੰ ਚੰਡੀਗਡ਼੍ਹ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਤਿਹਾਡ਼ ਜੇਲ੍ਹ ਦਿੱਲੀ ਵਿੱਚ ਬੰਦ ਕਰ ਦਿੱਤਾ।ਇੱਕ ਸਾਲ ਆਪ ਤਿਹਾਡ਼ ਜੇਲ੍ਹ ਵਿੱਚ ਬੰਦ ਰਹੇ ਤੇ ਫਿਰ ਆਪ ਨੂੰ ਚੰਡੀਗਡ਼੍ਹ ਦੀ ਬੁਡ਼ੈਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਇੱਥੋਂ ਆਪ ਜ਼ਮਾਨਤ ਕਰਵਾ ਕੇ ਬਾਹਰ ਆ ਗਏ।ਜੇਲ੍ਹ ਵਿੱਚ ਰਹਿਣ ਵਾਲੇ ਸਮੇਂ ਵੀ ਆਪ ਆਪਣੀ ਪਡ਼੍ਹਾਈ ਜਾਰੀ ਰੱਖਦੇ ਸਨ।ਹੁਣ ਤਕ ਪੰਜਾਬ ਅੰਦਰ ਸਿੱਖ ਜੁਝਾਰੂ ਲਹਿਰ ਪੂਰੇ ਜੋਬਨ’ਤੇ ਕਾਰਜਸ਼ੀਲ ਹੋ ਗਈ ਸੀ।ਇਸ ਦੇ ਨਾਲ ਹੀ ਸਰਕਾਰ ਦੇ ਜਬਰ ਦਾ ਕੁਹਾਡ਼ਾ ਵੀ ਦਿਨੋਂ ਦਿਨ ਤੇਜ਼ੀ ਚੱਲ ਰਿਹਾ ਸੀ।
ਘਰਾਂ ਤੋਂ ਚੁੱਕ ਕੇ ਸਿੱਖ ਗੱਭਰੂ ਥਾਣਿਆਂ ਅੰਦਰ ਕੋਹ-ਕੋਹ ਕੇ ਮਾਰੇ ਜਾ ਰਹੇ ਸਨ। ਆਪ ਨੇ ਘਰੋਂ ਚੁੱਕ ਕੇ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰਨ ਦੇ ਹਥਕੰਡਿਆਂ ਦੇ ਵਿਰੋਧ ਵਿੱਚ ਰਾਹ ਰੋਕਣੇ,ਥਾਣਿਆਂ ਦਾ ਘਿਰਾਓ ਕਰਨਾ ਤੇ ਹੋਰ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ । ਇਹਨਾਂ ਸਰਗਰਮੀਆਂ ਤੋਂ ਬੌਖਲ਼ਾ ਕੇ ਸਰਕਾਰ ਨੇ ਆਪ ‘ਤੇ ਦਬਾਅ ਬਣਾਉਣ ਲਈ ਆਪ ਦੇ ਨਾਲ-ਨਾਲ ਆਪ ਦੇ ਪਰਿਵਾਰ ਨੂੰ ਵੀ ਆਪਣੇ ਜ਼ੁਲਮ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਅਰੰਭ ਕਰ ਦਿੱਤਾ।
ਇਹਨਾਂ ਹਿੰਦੂਸ਼ਾਹੀ ਜ਼ੁਲਮਾਂ ਤੋਂ ਅੱਕ ਕੇ ਆਪ ਦੇ ਦੋਵੇਂ ਛੋਟੇ ਭਰਾ,ਮਨਮੋਹਨ ਸਿੰਘ ਅਤੇ ਸੁਰਜੀਤ ਸਿੰਘ ਰੂਪੋਸ਼ ਹੋ ਗਏ। ਆਪ ਦੇ ਪਰਿਵਾਰ ‘ਤੇ ਸਰਕਾਰੀ ਜਬਰ ਦਾ ਕੁਹਾਡ਼ਾ ਹੋਰ ਤੇਜ਼ ਹੋ ਗਿਆ।
ਸੰਨ 1988 ਵਿੱਚ ਆਪ ਦੇ ਭਰਾ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ ਗਿਆ।ਇੱਕ ਸਾਲ ਜੇਲ੍ਹ’ਚ ਰਹਿਣ ਪਿੱਛੋਂ ਉਹ ਜ਼ਮਾਨਤ ਕਰਵਾ ਕੇ ਘਰ ਆਇਆ ਤਾਂ ਪੁਲੀਸ ਫਿਰ ਉਸ ਨੂੰ ਫਡ਼ਨ ਲਈ ਛਾਪੇ ਮਾਰਨ ਲੱਗੀ।ਅਖੀਰ ਸਰਕਾਰੀ ਜਬਰ ਤੋਂ ਅੱਕਿਆ ਉਹ ਫਿਰ ਰੂਪੋਸ਼ ਹੋ ਗਿਆ।
ਸਰਕਾਰ ਦੇ ਜ਼ੁਲਮ ਜਬਰ ਦੇ ਦੌਰ ਅੰਦਰ ਹੀ ਭਾਈ ਧਰਮਬੀਰ ਸਿੰਘ ਦਾ ਜੇਲ੍ਹ ਤੋਂ ਬਾਹਰ ਸ਼ਾਤਮਈ ਪੰਥਕ ਸੰਘਰਸ਼ ਅਤੇ ਜੇਲ੍ਹ ਅੰਦਰ ਉੱਚ ਪੱਧਰ ਦੀ ਪਡ਼੍ਹਾਈ ਨਾਲੋਂ ਨਾਲ ਹੀ ਚੱਲਦੇ ਰਹੇ।ਸੰਨ 1991 ਵਿੱਚ ਆਪ ਦਾ ਅਨੰਦ ਕਾਰਜ ਪਿੰਡ ਬੂਲਾ(ਕਰਤਾਰਪੁਰ) ਦੇ ਸ.ਵਿਰਸਾ ਸਿੰਘ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਨਾਲ ਹੋਇਆ,ਪਰ ਚੈਨ ਨਾਲ ਟਿਕ ਕੇ ਗ੍ਰਹਿਸਤੀ ਜੀਵਨ ਜਿਉਣਾ ਆਪ ਨੂੰ ਨਸੀਬ ਨਹੀਂ ਸੀ।
ਆਪ ਨੂੰ ਪੁਲੀਸ ਜ਼ਿਆਦਾਤਰ ਜੇਲ੍ਹ ਵਿੱਚ ਹੀ ਬੰਦ ਰੱਖਦੀ।ਸੰਨ 1991 ਦੇ ਹੀ ਅਖੀਰ ਵਿੱਚ ਆਪ ਦੇ ਛੋਟੇ ਭਰਾ ਸੁਰਜੀਤ ਸਿੰਘ ਦਾ ਅਨੰਦ ਕਾਰਜ ਬੁਤਾਲਾ ਪਿੰਡ ਦੇ ਸ.ਪਿਆਰਾ ਸਿੰਘ ਦੀ ਸਪੱਤਰੀ ਬੀਬੀ ਕਮਲਜੀਤ ਕੌਰ ਨਾਲ ਹੋਇਆ ਰੂਪੋਸ਼ ਹੋਣ ਕਾਰਨ ਉਹ ਵੀ ਕੋਈ ਦਿਨ ਚੈਨ ਨਾਲ ਨਾ ਕੱਟ ਸਕੇ।੨੮ਫਰਵਰੀ 1992 ਦੀ ਰਾਤ ਨੂੰ ਸੁਰਜੀਤ ਸਿੰਘ ਅਤੇ ਉਸ ਦੀ ਸਿੰਘਣੀ ਕਮਲਜੀਤ ਕੌਰ ਪਿੰਡ ਕੰਮੋਕੇ ਅੰਦਰ ਹੀ ਗੁਰਦੁਆਰਾ ਸਾਹਿਬ ਦੀ ਛੱਤ’ਤੇ ਸੁੱਤੇ ਹੋਏ ਸਨ ਕਿ ਪੁਲੀਸ ਨੇ ਘੇਰਾ ਪਾ ਲਿਆ।
ਸੁਰਜੀਤ ਸਿੰਘ ਪਿਛਵਾਡ਼ੇ ਵੱਲ ਦੀ ਛਾਲ ਮਾਰ ਕੇ ਬਚ ਨਿਕਲਿਆ,ਪਰ ਪੁਲੀਸ ਨੇ ਆਪਣੀ ਨਾਕਾਮੀ ਤੇ ਝੁੰਜਲਾ ਕੇ ਕਮਲਜੀਤ ਕੌਰ ਨੂੰ ਓਥੇ ਹੀ ਗੋਲੀਆਂ ਨਾਲ ਭੁੰਨ ਸੁੱਟਿਆ ਅਤੇ ਸ਼ੋਅ ਕਰ ਦਿੱਤਾ ਕਿ ਇਹ ਪੁਲੀਸ ਮੁਕਾਬਲੇ ਵਿੱਚ ਮਾਰੀ ਗਈ ਹੈ।ਪਿੰਡ ਦੀਆਂ ਔਰਤਾਂ ਦੇ ਦੱਸਣ ਮੁਤਾਬਿਕ ਪੁਲੀਸ ਹੱਥੋਂ ਮਾਰੇ ਜਾਣ ਸਮੇਂ ਕਮਲਜੀਤ ਕੌਰ ਗਰਭਵਤੀ ਸੀ।
ਇਸ ਘਟਨਾ ਦੇ ਘਟਣ ਸਮੇਂ ਵੀ ਭਾਈ ਧਰਮਬੀਰ ਸਿੰਘ ਜੇਲ੍ਹ ਵਿੱਚ ਹੀ ਸਨ।ਹੁਣ ਤਕ ਆਪ ਐਲ.ਐਲ.ਬੀ.ਕਰਨ ਉਪਰੰਤ ਪੀ.ਐਚ.ਡੀ.ਮੁਕੰਮਲ ਕਰ ਚੁੱਕੇ ਸਨ,ਪਰ ਫ਼ੈਡਰੇਸ਼ਨ ਨੇਤਾ ਦੇ ਤੌਰ’ਤੇ ਆਪ ਦਾ ਸਰਕਾਰੀ ਜਬਰ ਵਿਰੁੱਧ ਸ਼ਾਂਤਮਈ ਸੰਘਰਸ਼ ਅਜੇ ਵੀ ਜਾਰੀ ਸੀ।ਇਹਨਾਂ ਸਰਗਰਮੀਆਂ ਦੇ ਤਹਿਤ ਹੀ ਸੰਨ
1992 ਵਿੱਚ ਆਪ ਨੂੰ ਕਠੂਆ (ਜੰਮੂਕਸ਼ਮੀਰ)’ਚ ਗ੍ਰਿਫ਼ਤਾਰ ਕਰ ਲਿਆ ਗਿਆ । ਇੱਕ ਸਾਲ ਜੰਮੂ ਜੇਲ੍ਹ ਵਿੱਚ ਰਹਿ ਕੇ ਆਪ ਜ਼ਮਾਨਤਾਂ ਹੋ ਜਾਣ ਪਿੱਛੋਂ ਵਾਪਸ ਘਰ ਪਰਤ ਆਏ। ਇਸ ਤੋਂ ਬਾਅਦ ਆਪ ਨੂੰ ਪੰਜਾਬ ਅੰਦਰ ਆਪਣਾ ਸ਼ਾਂਤਮਈ ਸੰਘਰਸ਼ ਜਾਰੀ ਰੱਖਦੇ ਹੋਏ ਨਾਲ ਜੰਮੂ ਵਿਖੇ ਤਰੀਕਾਂ ਵੀ ਭੁਗਤਣੀਆਂ ਪੈਣ ਲੱਗੀਆਂ।ਇੱਕ ਵਾਰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਏ ਜਾਣ ਕਾਰਨ ਆਪ ਜੰਮੂ ਕਚਹਿਰੀ ਵਿੱਚ ਨਿਰਧਾਰਤ ਤਰੀਕ ਪੇਸ਼ੀ ‘ਤੇ ਨਹੀਂ ਪਹੁੰਚ ਸਕੇ।ਜੰਮੂ ਦੀ ਅਦਾਲਤ ਨੇ ਆਪ ਦੇ ਵਰੰਟ ਕੱਢ ਕੇ ਪੰਜਾਬ ਪੁਲੀਸ ਨੂੰ ਸੂਚਿਤ ਕਰ ਦਿੱਤਾ ।ਆਪ ਨੂੰ ਬਿਆਸ ਤੋਂ ਗ੍ਰਿਫ਼ਤਾਰ ਕਰ ਕੇ ਜੰਮੂ ਜੇਲ੍ਹ ਵਿੱਚ ਭੇਜ ਦਿੱਤਾ ਗਿਆ।ਆਪ ਦਾ ਪਰਿਵਾਰ ਪਹਿਲਾਂ ਹੀ ਆਪ ਦੀਆਂ ਜ਼ਮਾਨਤਾਂ ਭਰਵਾਉਣ ਲਈ ਉਡੀਕ ਕਰ ਰਿਹਾ ਸੀ।ਆਪ ਦੇ ਜੰਮੂ ਜੇਲ੍ਹ ਵਿੱਚ ਪਹੁੰਚਦੇ ਹੀ ਆਪ ਦੀਆਂ ਜ਼ਮਾਨਤਾਂ ਭਰਵਾ ਦਿੱਤੀਆਂ ਗਈਆਂ ਤੇ 13 ਮਈ 1992 ਨੂੰ ਆਪ ਜੰਮੂ ਦੀ ਜੇਲ੍ਹ ਵਿੱਚੋਂ ਬਾਹਰ ਨਿਕਲੇ।
ਜਿਉਂ ਹੀ ਆਪ ਜੇਲ੍ਹ ਦੇ ਦਰਵਾਜ਼ੇ’ਚੋਂ ਬਾਹਰ ਨਿਕਲੇ,ਜੇਲ੍ਹ ਦੇ ਬਾਹਰ ਘਾਤ ਲਾਈ ਬੈਠੀ ਪੁਲੀਸ ਨੇ ਆਪ ਨੂੰ ਫਿਰ ਚੁੱਕ ਲਿਆ ਤੇ ਅਣਦੱਸੀ ਥਾਂ’ਤੇ ਲੈ ਗਈ।ਅੱਠ ਦਿਨ ਜੰਮੂ ਵਿਖੇ ਆਪ ਉੱਪਰ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਤੇ ਲੱਤਾਂ ਵੀ ਤੋਡ਼ ਦਿੱਤੀਆਂ ਗਈਆਂ।
ਠੀਕ ਅੱਠ ਦਿਨਾਂ ਬਾਅਦ ਪੁਲੀਸ ਨੇ ਐਲਾਨ ਕੀਤਾ ਕਿ ਇੱਕ ਪੰਜਾਬ ਦਾ ਖਾਡ਼ਕੂ ਧਰਮਬੀਰ ਸਿੰਘ ਅਤੇ ਇੱਕ ਅਣਪਛਾਤਾ ਕਸ਼ਮੀਰੀ ਖਾਡ਼ਕੂ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਹਨ।
ਇਹ ਖਬਰ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਆਪ ਦੇ ਪਰਿਵਾਰ ਨੇ ਲਾਸ਼ ਹਾਸਲ ਕਰਨ ਲਈ ਭੱਜ-ਨੱਠ ਕੀਤੀ,ਪਰ ਪਰਿਵਾਰ ਨੂੰ ਭਾਈ ਧਰਮਬੀਰ ਸਿੰਘ ਦੀ ਲਾਸ਼ ਵੀ ਨਾ ਮਿਲੀ।
ਪਰਿਵਾਰ ਨੇ ਇਨਸਾਫ਼ ਲਈ ਭਾਰਤੀ ਨਿਆਂ ਪਾਲਿਕਾਂ ਦਾ ਦਰਵਾਜਾ ਵੀ ਖਡ਼ਕਾਇਆ,ਪਰ ਸਰਕਾਰੀ ਜਬਰ ਨਾਲ ਪਹਿਲਾਂ ਹੀ ਆਰਥਕ ਤੌਰ’ਤੇ ਭੰਨਿਆ ਪਿਆ ਇਹ ਪਰਿਵਾਰ ਜਿਸ ਦੇ ਧਰਮਬੀਰ ਸਿੰਘ ਤੋਂ ਇਲਾਵਾ ਦੋ ਲਡ਼ਕੇ ਮਨਮੋਹਨ ਸਿੰਘ ਅੱਠ ਸਾਲ ਅਤੇ ਸੁਰਜੀਤ ਸਿੰਘ ਚਾਰ ਸਾਲ ਜੇਲ੍ਹ ਕੱਟ ਕੇ ਆਉਣ ਪਿੱਛੋਂ ਪਰਿਵਾਰ ਦੀ ਆਰਥਕ ਹਾਲਤ ਨੂੰ ਹੀ ਪੈਰਾਂ ਸਿਰ ਖਢ੍ਹੇ ਕਰਨ ਲਈ ਜੱਦੋਜਹਿਦ ਕਰ ਰਹੇ ਹਨ,ਉਹ ਕਿਵੇਂ ਮਗਰਮੱਛ ਦੇ ਮੂੰਹ’ ਚੋਂ ਮਾਸ ਕੱਢਣ ਵਾਂਗ ਭਾਰਤੀ ਨਿਆਂ ਪ੍ਰਣਾਲੀ ਤੋਂ ਇਨਸਾਫ਼ ਹਾਸਲ ਕਰ ਲੈਣਗੇ ? ਇਸ ਸਵਾਲ ਦਾ ਜਵਾਬ ਹਿੰਦੁਸਤਾਨ ਦੀ ਨਿਆਂ ਪ੍ਰਣਾਲੀ ਤੋਂ ਨਿਆਂ ਹਾਸਲ ਕਰਨ ਜਿੰਨਾ ਔਖਾ ਨਹੀਂ ਹੈ।

Leave a Reply