ਪੰਜਾਬ’ਚ ਪਿਛਲੇ ਛੇ ਸਾਲਾਂ ਵਿੱਚ ਤਰੱਕੀ ਦੇ ਨਾਮ’ਤੇ ਇੱਕ ਮਿਲੀਅਨ ਤੋਂ ਵੱਧ ਦਰਖ਼ਤ ਵੱਢ ਸੁੱਟੇ

ਪੰਜਾਬ’ਚ ਪਿਛਲੇ ਛੇ ਸਾਲਾਂ ਵਿੱਚ ਤਰੱਕੀ ਦੇ ਨਾਮ’ਤੇ ਇੱਕ ਮਿਲੀਅਨ ਤੋਂ ਵੱਧ ਦਰਖ਼ਤ ਵੱਢ ਸੁੱਟੇ , ਫਿਰ ਕਹਿੰਦੇ ਗਰਮੀ ਨੇ ਮੱਚਣ ਵਾਲੇ ਕਰਤੇ, ਕੁਦਰਤ ਨਾਲ ਤਾਂ ਖਿਲਵਾੜ ਬੰਦੇ ਨੇ ਆਪ ਕੀਤਾ

ਅੱਜ ਜਦੋਂ ਪੰਜਾਬ’ਚ ਪਾਰਾ ਪੰਜਾਹ ਡਿਗਰੀ ਸੈਲਸੀਅਸ ਨੂੰ ਟੱਪਣ ਉੱਤੇ ਆਇਆ ਹੈ ਤਾਂ ਹਰ ਕੋਈ ਗਰਮੀ ਨਾਲ ਬੁਰੀ ਤਰਾਂ ਪ੍ਰੇਸ਼ਾਨ ਹੈ। ਖ਼ਬਰਾਂ’ਚ ਗਰਮੀ ਵੱਧਣ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਖ਼ਬਰਾਂ ਸਿਰਫ਼ ਖ਼ਬਰ ਬਣ ਕੇ ਹੀ ਰਹਿ ਜਾਂਦੀਆਂ ਹਨ ਸਰਕਾਰੇ ਦਰਬਾਰੇ ਕੋਈ ਇਹਨਾਂ ਦੀ ਤੈਅ ਤੱਕ ਨਹੀੰ ਜਾਂਦਾ। ਅੱਜ ਪੰਜਾਬ ਦੇ ਲੋਕਾਂ ਦੇ ਲਈ ਜ਼ਹਿਰੀਲਾ ਹਵਾ-ਪਾਣੀ ਆਪਣੀ ਹੋਂਦ ਬਚਾਉਣ ਦਾ ਸਵਾਲ ਬਣਿਆ ਹੋਇਆ ਹੈ, ਜਿਸ ਕਾਰਨ ਤਰਾਂ-ਤਰਾਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ ਪਰ ਸਰਕਾਰਾਂ ਦਾ ਇਸ ਵਿਸ਼ੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀੰ।

ਪੰਜਾਬ’ਚ ਵਿਕਾਸ ਅਤੇ ਤਰੱਕੀ ਦੇ ਨਾਮ’ਤੇ ਹਰ ਸਾਲ ਦੋ ਲੱਖ ਦੇ ਕਰੀਬ ਦਰਖ਼ਤ ਵੱਢ ਦਿੱਤੇ ਜਾਂਦੇ ਹਨ। ਕੁਝ ਸਾਲ ਪਹਿਲਾਂ ਸੰਗਰੂਰ ਤੋਂ ਡਾ: ਅਮਨਦੀਪ ਅਗਰਵਾਲ ਦੀ ਨੈਸ਼ਨਲ ਗਰੀਨ ਟਿ੍ਬਿਊਨਲ ਨੂੰ ਸ਼ਿਕਾਇਤ’ਤੇ ਪੰਜਾਬ ਜੰਗਲਾਤ ਵਿਭਾਗ ਨੇ ਦੱਸਿਆ ਸਾਲ 2011-12 ਤੋੰ 2015-16 ਤੱਕ ਪੰਜ ਸਾਲਾਂ’ਚ 9 ਲੱਖ ਦੇ ਕਰੀਬ ਦਰਖ਼ਤ ਵੱਢੇ ਜਾ ਚੁੱਕੇ ਹਨ। ਸਾਲ 2013-14’ਚ 2.4 ਲੱਖ, ਸਾਲ 2014-15 ‘ਚ 2.13 ਲੱਖ ਅਤੇ 2015-16’ਚ 1.89 ਲੱਖ ਦਰਖ਼ਤ ਵੱਢੇ ਗਏ ਹਨ। ਪੰਜਾਬ ਸਰਕਾਰ ਦੇ ਇੱਕ ਹੋਰ ਐਫੀਡਿਵਟ ਮੁਤਾਬਕ ਇਸ ਤੋੰ ਬਾਅਦ 28 ਅਕਤੂਬਰ 2016 ਤੋਂ 16 ਜੂਨ 2017 ਤੱਕ 1 ਲੱਖ ਚੌਤਾਲੀ ਹਜ਼ਾਰ ਹੋਰ ਦਰਖ਼ਤ ਵੱਢੇ ਗਏ।

ਇਹ ਉਹ ਗਿਣਤੀ ਹੈ ਜਿਹੜੀ ਸਰਕਾਰ ਆਪਣੇ ਆਪ ਮੰਨ ਰਹੀ ਹੈ ਕਿ ਅਸੀਂ ਵਿਕਾਸ ਦੇ ਨਾਮ’ਤੇ ਐਨੇ ਦਰਖ਼ਤ ਵੱਢੇ ਹਨ, ਅਸਲ ਗਿਣਤੀ ਇਸ ਤੋੰ ਕਿਤੇ ਜ਼ਿਆਦਾ ਵੀ ਹੋ ਸਕਦੀ ਹੈ। ਇਸ ਤੋਂ ਬਿਨਾਂ ਜਿਹੜੇ ਦਰਖ਼ਤ ਲੋਕਾਂ ਵੱਲੋੰ ਆਪਣੀਆਂ ਜ਼ਮੀਨਾਂ, ਪਲਾਟਾਂ ਅਤੇ ਘਰਾਂ’ਚ ਵੱਢੇ ਜਾਂਦੇ ਹਨ ਉਹਨਾਂ ਦੀ ਗਿਣਤੀ ਵੱਖਰੀ ਹੈ।

ਹੁਣ ਸਾਨੂੰ ਸੋਚਣਾ ਚਾਹੀਦਾ ਹੈ ਕੀ ਿੲਹ ਵੱਡੀ ਕੀਮਤ ਅਦਾ ਕਰਕੇ ਵਿਕਾਸ ਜਾਂ ਤਰੱਕੀ ਦੇ ਸਾਡੇ ਲਈ ਕੀ ਅਰਥ ਹਨ ? ਕੀ ਇਸ ਭਾਅ’ਤੇ ਹਾਈਵੇਅ ਅਤੇ ਸੜਕਾਂ ਬਣਾਉਣੀਆਂ ਫਾਇਦੇ ਦਾ ਸੌਦਾ ਹਨ ? ਇਸ ਪੋਸਟ’ਚ ਆਪਾਂ ਸਿਰਫ਼ ਪਿਛਲੇ ਛੇ ਸਾਲਾਂ ਦੀ ਗੱਲ ਕਰ ਰਹੇ ਹਨ ਹਾਂ ਕਿ ਦੱਸ ਲੱਖ ਤੋਂ ਵੱਧ ਦਰਖ਼ਤ ਵੱਢੇ ਜਾ ਚੁੱਕੇ ਹਨ ਪਰ ਇਹ ਸਿਲਸਲਾ ਲੰਮੇ ਸਮੇਂ ਤੋੰ ਜਾਰੀ ਹੈ। ਭਾਵੇਂ ਸਰਕਾਰ ਨੇ ਇਹਨਾਂ ਵੱਢੇ ਗਏ ਦਰਖ਼ਤਾਂ ਦੇ ਬਦਲੇ ਨਵੇ ਦਰਖ਼ਤ ਲਗਾਉਣ ਦੀ ਗੱਲ ਵੀ ਕਹੀ ਹੈ; ਪਰ ਆਪਣਾ ਆਲਾ ਦੁਆਲੇ ਤੁਹਾਡੇ ਸਾਹਮਣੇ ਹੈ।

ਸਮੇਂ ਨਾਲ ਹੁਣ ਸੜਕਾਂ ਤੇ ਕਾਰਾਂ ਗੱਡੀਆਂ ਦਾ ਪ੍ਰਦੂਸ਼ਣ ਪਹਿਲਾਂ ਨਾਲੋੰ ਕਈ ਗੁਣਾਂ ਵੱਧ ਗਿਆ। ਫੈਕਟਰੀਆਂ ਦੇ ਧੂੰਏ ਨੇ ਹਵਾ ਅਤੇ ਕੈਮੀਕਲ ਨੇ ਸਾਡੇ ਪਾਣੀ ਗੰਦੇ ਕਰ ਦਿੱਤੇ। ਇਹਨਾਂ ਹਾਲਤਾਂ’ਚ ਜਦੋਂ ਅਸੀੰ ਦਰਖ਼ਤ ਵੱਢਣ’ਤੇ ਲੱਕ ਬੰਨ ਲਵਾਂਗੇ ਅਤੇ ਨਵੇਂ ਦਰਖ਼ਤ ਲਗਾਉਣ ਵੱਲ ਧਿਆਨ ਨਹੀੰ ਦੇਵਾਂਗੇ ਤਾਂ ਸਾਨੂੰ ਇਹੋ ਜਿਹਾ ਵਾਤਾਵਰਣ ਹੀ ਮਿਲੇਗਾ ਅਤੇ ਲੋਕ ਤਰਾਂ-ਤਰਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਣਗੇ।

ਸਾਨੂੰ ਆਪਣੇ ਆਲੇ-ਦੁਆਲੇ ਲੋਕਾਂ ਨੂੰ ਰੱੁਖ ਲਗਾਉਣ ਅਤੇ ਹਵਾ-ਪਾਣੀ ਨੂੰ ਸਾਫ਼ ਰੱਖਣ ਲਈ ਜਾਣਕਾਰੀ ਦੇਣੀ ਚਾਹੀਦੀ ਹੈ। ਨੌਜਵਾਨਾਂ ਨੂੰ ਪਿੰਡਾਂ’ਚ ਸੇਵਾ ਸੁਸਾਇਟੀਆਂ ਬਣਾ ਕੇ ਵਾਤਾਵਰਣ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਜਿੱਥੋੰ ਰੱੁਖ ਕੱਟਣੇ ਪੈੰਦੇ ਹਨ ਉੱਥੇ ਦੋ-ਤਿੰਨ ਗੁਣਾਂ ਦਰਖ਼ਤ ਲਗਾਉਣ ਲਈ ਮਜ਼ਬੂਰ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਪੰਜਾਬ ਆਉਣ ਵਾਲੀਆਂ ਪੀੜੀਆਂ ਲਈ ਰਹਿਣ ਯੋਗ ਰਹਿ ਸਕੇ।

ਰੁੱਖ ਲਗਾਓ …. ਪਾਣੀ ਬਚਾਓ
– ਸਤਵੰਤ ਸਿੰਘ

Save the Tree, Save the Life 

 

Leave a Reply