ਸ਼ਹੀਦ ਭਾਈ ਸੁਖਦੇਵ ਸਿੰਘ ਉਰਫ ਜਨਰਲ ਭਾਈ ਲਾਭ ਸਿੰਘ ਪੰਜਵਡ਼੍ਹ(ਸ਼ਹੀਦੀ 12 ਜੁਲਾਈ 1988)

ਆਪ ਜੀ ਦਾ ਜਨਮ ਪਿੰਡ ਪੰਜਵਡ਼ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ । ਆਪ ਜੀ ਦੇ ਵੱਡੇ ਭਰਾ ਸ੍ਰ: ਦਲਜੀਤ ਸਿੰਘ ਜੀ ਹਨ । ਆਪ ਜੀ ਦੇ ਪਿਤਾ ਜੀ ਛੋਟੇ ਹੁੰਦਿਆਂ ਹੀ ਅਕਾਲ ਚਲਾਣਾ ਕਰ ਗਏ ਸਨ । ਭਾਈ ਸੁਖਦੇਵ ਸਿੰਘ ਜੀ ਦਸਵੀਂ ਤੱਕ ਦੀ ਪਡ਼ਾਈ ਪੰਜਵਡ਼ ਦੇ ਹਾਈ ਸਕੂਲ ਤੋਂ ਅਤੇ 12ਵੀਂ ਬੀਡ਼ ਬਾਬਾ ਬੁੱਢਾ ਸਾਹਿਬ ਕਾਲਜ ਤੋਂ ਪਾਸ ਕੀਤੀ । ਭਾਈ ਸਾਹਿਬ ਜੀ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ ।

ਭਾਈ ਸਾਹਿਬ ਜੀ 1971 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ । ਸੰਨ 1977 ਵਿਚ ਭਾਈ ਸੁਖਦੇਵ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਦਵਿੰਦਰ ਕੌਰ ਪੁੱਤਰੀ ਸ੍ਰ: ਚਰਨ ਸਿੰਘ ਵਾਸੀ ਉਡ਼ਮੁਡ਼ ਟਾਂਡਾ ਨਾਲ ਹੋਈ ਅਤੇ ਦੋ ਸਪੁੱਤਰ ਰਾਜੇਸ਼ਵਰ ਸਿੰਘ ਤੇ ਪਰਦੀਪ ਸਿੰਘ ਪੈਦਾ ਹੋਏ ।

13 ਅਪ੍ਰੈਲ 1978 ਦੇ ਖ਼ੂਨੀ ਸਾਕੇ ਨੇ ਆਪ ਜੀ ਦੇ ਮਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੇ ਸੰਪਰਕ ਵਿੱਚ ਆਏ । ਭਾਈ ਸਾਹਿਬ ਨੇ ਪੁਲਿਸ ਦੀ ਨੌਕਰੀ ਕਰਦਿਆਂ ਹੀ ਕਈ ਸਿੱਖ ਪੰਥ ਦੇ ਦੋਖੀ ਤੇ ਕਾਤਲਾਂ ਨੂੰ ਸੋਧਾ ਲਾ ਕੇ ਨਰਕਧਾਮ ਭੇਜਿਆ । ਸੰਨ 1982 ਵਿੱਚ ਜੇਠ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਪੰਜਾਬ ਪੁਲਿਸ ਦੀ ਨੌਕਰੀ ਛੱਡਕੇ ਭਾਈ ਸੁਖਦੇਵ ਸਿੰਘ ਜੀ ‘ਸੁੱਖਾ ਸਿਪਾਹੀ’ ਘਰ ਆ ਗਏ ਤੇ ਮਾਤਾ ਜੀ ਨੂੰ ਕਹਿਣ ਲੱਗੇ, ‘ਬੀਬੀ! ਮੈਂ ਸਰਕਾਰੀ ਨੌਕਰੀ ਛੱਡਕੇ ਸਿੱਖ ਕੌਮ ਦੀ ਸੇਵਾ ਕਰਨ ਦਾ ਸੰਕਲਪ ਧਾਰਕੇ ਆ ਗਿਆ ਹਾਂ । ਹੁਣ ਮੈਂ ਸਰਕਾਰ ਦੇ ਸਿਪਾਹੀ ਦੀ ਥਾਂ ਖ਼ਾਲਸਾ ਫ਼ੌਜ ਦਾ ਸਿਪਾਹੀ ਬਣਨ ਦਾ ਫ਼ੈਸਲਾ ਕਰ ਲਿਆ ਹੈ ।’ ਉਸ ਦਿਨ ਤੋਂ ਹੀ ਭਾਈ ਸਾਹਿਬ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਥੇ ਵਿਚ ਸ਼ਾਮਲ ਹੋ ਗਏ ਤੇ ਅੰਮ੍ਰਿਤ ਛਕਕੇ ਪੂਰਨ ਗੁਰਸਿੱਖ ਸਜ ਗਏ । ਸੰਤ ਜਰਨੈਲ ਸਿੰਘ ਜੀ ਖ਼ਾਲਸਾ ਨੇ ਆਪ ਜੀ ਦਾ ਨਾਮ ਜਨਰਲ ਲਾਭ ਸਿੰਘ ਰੱਖਿਆ । ਜਨਰਲ ਲਾਭ ਸਿੰਘ ਨੂੰ ਸੰਤ ਭਿੰਡਰਾਂਵਾਲਿਆਂ ਦੀ ਸੰਗਤ ਬਡ਼ੀ ਨੇਡ਼ਿਓਂ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ । ਭਾਈ ਲਾਭ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੇ ਬਹੁਤ ਨਜ਼ਦੀਕੀ ਸਿੰਘਾਂ ਵਿਚੋਂ ਗਿਣੇ ਜਾਂਦੇ ਸਨ । ਸੰਤ ਜੀ ਭਾਈ ਸਾਹਿਬ ਨੂੰ ਹਮੇਸ਼ਾਂ ‘ਸਾਡਾ ਲਾਭ ਸਿੰਘ’ ਕਹਿਕੇ ਬੁਲਾਇਆ ਕਰਦੇ ਸਨ ।

ਜਨਰਲ ਲਾਭ ਸਿੰਘ ਜੀ ਨੇ ਭਾਈ ਸੁਰਿੰਦਰ ਸਿੰਘ ਸੋਢੀ, ਭਾਈ ਮਨਬੀਰ ਸਿੰਘ ਚਹੇਡ਼ੂ, ਭਾਈ ਮੇਜਰ ਸਿੰਘ ਨਾਗੋਕੇ ਅਤੇ ਭਾਈ ਮਥਰਾ ਸਿੰਘ ਨਾਲ (ਜੂਨ 1984 ਦੇ ਘੱਲੂਘਾਰੇ ਤੋਂ ਪਹਿਲਾਂ) ਕਈ ਦਲੇਰਾਨਾ ਤੇ ਜੁਝਾਰੂ ਕਾਰਨਾਮੇ ਕੀਤੇ । ਡੀ. ਆਈ. ਜੀ. ਅਟਵਾਲ, ਹਰਬੰਸ ਲਾਲ ਖੰਨਾ (ਜਿਹਡ਼ਾ ਕਹਿੰਦਾ ਹੁੰਦਾ ਸੀ ਕਿ ‘ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ’ਤੇ ਪਗਡ਼ੀ ਰਹਿਣ ਨਹੀਂ ਦੇਣੀ’), ਲਾਲੇ ਜਗਤ ਨਾਰਾਇਣ ਦੇ ਛੋਕਰੇ ਰਮੇਸ਼ ਚੰਦਰ, ਸ਼ਹੀਦ ਮੁਸੀਬਤ ਸਿੰਘ ਦੇ ਕਾਤਲ ਗੁਰਬਚਨ ਸਿਹੁੰ ਡੀ. ਐਸ. ਪੀ. ਨੂੰ ਸੋਧਣ ਵਾਲਿਆਂ ਵਿੱਚ ਖ਼ਾਲਸਾ ਪੰਥ ਵਲੋਂ ਜਨਰਲ ਲਾਭ ਸਿੰਘ ਜੀ ਦਾ ਨਾਮ ਬਡ਼ੇ ਮਾਣ ਨਾਲ ਲਿਆ ਜਾਂਦਾ ਹੈ ।

ਜੂਨ 1984 ਨੂੰ ਦਰਬਾਰ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਵੇਲੇ ਭਾਈ ਲਾਭ ਸਿੰਘ ਜੀ ਨੂੰ ਹੋਰਨਾਂ ਸਿੰਘਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ । ਹਿੰਦੋਸਤਾਨੀ ਫ਼ੌਜ ਦੇ ਕੈਂਪਾਂ ਵਿੱਚ ਕਰਡ਼ੀ ਤਫਤੀਸ਼ ਤੋਂ ਬਾਅਦ ਹੋਰਨਾਂ ਸਿੰਘਾਂ ਦੇ ਨਾਲ ਰਾਜਸਥਾਨ ਦੀ ਜੋਧਪੁਰ ਜੇਲ ’ਚ ਬੰਦ ਕਰ ਦਿੱਤਾ ਗਿਆ । ਕੁਝ ਚਿਰ ਬਾਅਦ 12 ਮਈ 1984 ਨੂੰ ਰਮੇਸ਼ ਚੰਦਰ ਦੇ ਕਤਲ ਕੇਸ ਦਾ ਮੁਕੱਦਮਾ ਦਰਜ ਕਰਕੇ ਭਾਈ ਸਾਹਿਬ ਨੂੰ ਜਲੰਧਰ ਜੇਲ ’ਚ ਤਬਦੀਲ ਕਰ ਦਿੱਤਾ ਗਿਆ । ਮਾਰਚ 1986 ਵਿਚ ਭਾਈ ਮਨਬੀਰ ਸਿੰਘ ਚਹੇਡ਼ੂ, ਭਾਈ ਜਰਨੈਲ ਸਿੰਘ ਹਲਵਾਰਾ ਨੇ ਸਾਥੀ ਸਿੰਘਾਂ ਨਾਲ ਮਿਲਕੇ ਰਮੇਸ਼ ਚੰਦਰ ਕਤਲ ਦੇ ਮੁਕੱਦਮੇ ਦੀ ਪੇਸ਼ੀ ’ਤੇ ਆਏ ਭਾਈ ਲਾਭ ਸਿੰਘ ਨੂੰ ਦੋ ਸਾਥੀਆਂ ਸਮੇਤ ਪੁਲਿਸ ਪਾਰਟੀ ’ਤੇ ਜਲੰਧਰ ਕਚਹਿਰੀਆਂ ’ਚ ਹਮਲਾ ਕਰਕੇ ਆਜ਼ਾਦ ਕਰਵਾ ਲਿਆ ।

ਇਸ ਤੋਂ ਬਾਅਦ ਭਾਈ ਲਾਭ ਸਿੰਘ ਸਿੱਖ ਸੰਘਰਸ਼ ਨੂੰ ਅੱਗੇ ਤੋਰਨ ਲਈ ਮੈਦਾਨੇ ਜੰਗ ’ਚ ਵਿਚਰਣ ਲੱਗਾ, ਉਸ ਦੇ ਦਲੇਰੀ ਤੇ ਜਾਂਬਾਜ਼ੀ ਭਰੇ ਕਾਰਨਾਮਿਆਂ ਦੀ ਚਰਚਾ ਘਰ – ਘਰ ਹੋਣ ਲੱਗੀ ਤੇ ਸਿੱਖੀ ਦੇ ਵਿਰੋਧੀ ਭਾਈ ਲਾਭ ਸਿੰਘ ਦਾ ਨਾਂ ਸੁਣਕੇ ਥਰ – ਥਰ ਕੰਬਣ ਲੱਗੇ । ਜਨਰਲ ਲਾਭ ਸਿੰਘ ਖਾਡ਼ਕੂ ਸੰਘਰਸ਼ ਵਿੱਚ ਇੱਕ ਨੀਤੀਵਾਨ ਤੇ ਜਾਂਬਾਜ਼ ਜਰਨੈਲ ਸੀ । ਭਾਈ ਮਨਬੀਰ ਸਿੰਘ ਚਹੇਡ਼ੂ ਉਰਫ਼ ਜਨਰਲ ਹਰੀ ਸਿੰਘ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਈ ਲਾਭ ਸਿੰਘ ਨੂੰ ਖ਼ਾਲਿਸਤਾਨ ਕਮਾਂਡੋ ਫ਼ੋਰਸ ਦਾ ਜਰਨੈਲ ਥਾਪਿਆ ਗਿਆ ।

ਜਨਰਲ ਲਾਭ ਸਿੰਘ ਨਿਰਦੋਸ਼ਾਂ ਦਾ ਖ਼ੂਨ ਵਹਾਉਣ ’ਚ ਵਿਸ਼ਵਾਸ ਨਹੀਂ ਰੱਖਦਾ ਸੀ ਤੇ ਨਾ ਹੀ ਲੋਕਾਂ ਤੋਂ ਜਬਰੀ ਫ਼ਿਰੌਤੀਆਂ ਲੈਣ ਦੇ ਹੱਕ ਵਿਚ ਸੀ । ਸਿੱਖ ਸੰਘਰਸ਼ ਦੀਆਂ ਲੋਡ਼ਾਂ ਦੀਆਂ ਪੂਰਤੀ ਲਈ ਦਿਨ – ਦਿਹਾਡ਼ੇ ਬੈਂਕਾਂ ਲੁੱਟਣੀਆਂ ਸ਼ੁਰੂ ਕੀਤੀਆਂ । ਲੁਧਿਆਣਾ ਬੈਂਕ ਵਿਚੋਂ 5 ਕਰੋਡ਼ 76 ਲੱਖ ਰੁਪਏ ਦੀ ਡਕੈਤੀ ਦਿਨ ਦਿਹਾਡ਼ੇ ਦੋ ਦਰਜਨ ਦੇ ਕਰੀਬ ਜੁਝਾਰੂ ਸਿੰਘਾਂ ਵਲੋਂ, ਇੱਕ ਵੀ ਗੋਲੀ ਚਲਾਏ ਬਿਨਾਂ, ਬੈਂਕ ਸਟਾਫ਼ ਦੇ ਬਿਨਾਂ ਸ਼ੱਕ, ਮੁਲਾਜ਼ਮਾਂ ਤੋਂ ਹੀ ਵੈਨ ਵਿੱਚ ਨੋਟ ਅਤੇ ਬੈਂਕ ਖਾਤੇ ਰਖਾ ਕੇ ਲੈ ਜਾਣੇ, ਹਿੰਦੋਸਤਾਨ ’ਚ ਹੀ ਨਹੀਂ ਸਗੋਂ ਏਸ਼ੀਆ ਦੇ ਮੁਲਕਾਂ ਦੇ ਇਤਿਹਾਸ ਵਿਚ ਜਨਰਲ ਲਾਭ ਸਿੰਘ ਦੀਆਂ ਗੁਰੀਲਾ ਨੀਤੀਆਂ ਦੀ ਮਿਸਾਲ ਕਿਧਰੇ ਨਹੀਂ ਮਿਲਦੀ । ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਦਾ ਇੰਨਾ ਜ਼ਿਆਦਾ ਰੋਹਬ ਸੀ ਕਿ ਬੈਂਕ ਦਾ ਕੋਈ ਵੀ ਮੁਲਾਜ਼ਮ ਸਮਝ ਨਾ ਸਕਿਆ ਕਿ ਬੈਂਕ ਵਿੱਚ ਡਾਕਾ ਪੈ ਰਿਹਾ ਹੈ । ਸਾਰੇ ਮੁਲਾਜ਼ਮ ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਨੂੰ ਸਲੂਟ ਮਾਰਦੇ ਰਹੇ ਤੇ ਸਮਝਦੇ ਰਹੇ ਕਿ ਦਿੱਲੀ ਤੋਂ ਵੱਡੇ ਸਾਹਿਬ ਬੈਂਕ ਦੇ ਖਾਤੇ ਤੇ ਕੰਮ – ਕਾਜ ਚੈਕ ਕਰਨ ਆਏ ਹਨ । 24 ਦੇ ਕਰੀਬ ਜੁਝਾਰੂ ਸਿੰਘ ਤਕਰੀਬਨ 2 ਘੰਟੇ ਬੈਂਕ ਵਿੱਚ ਰਹੇ ਤੇ ਬੈਂਕ ਦੇ ਰਾਖੇ ਜੁਝਾਰੂ ਸਿੰਘਾਂ ਦਾ ਹੁਕਮ ਵਜਾਉਂਦੇ ਰਹੇ । ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਨੇ ਅਫ਼ਸਰੀ ਰੋਹਬ ਨਾਲ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਸ਼ਾਮ ਨੂੰ ਪੰਜ ਵਜੇ ਫਲਾਣੇ ਥਾਣੇ ਵਿਚੋਂ ਬੈਂਕ ਖਾਤੇ ਤੇ ਕੈਸ਼ ਲੈ ਆਉਣਾ । ਸਿੰਘਾਂ ਦੀ ਇਸ ਗੁਰੀਲਾ ਨੀਤੀ ਨੂੰ ਕੋਈ ਵੀ ਬੈਂਕ ਅਧਿਕਾਰੀ ਨਾ ਸਮਝ ਸਕਿਆ । ਸ਼ਾਮ ਨੂੰ ਬੈਂਕ ਅਧਿਕਾਰੀਆਂ ਨੇ ਦੱਸੇ ਗਏ ਥਾਣੇ ’ਚ ਫੋਨ ਕਰਕੇ ਪੁੱਛਿਆ ਕਿ ਸਾਹਿਬ, ਜੇਕਰ ਬੈਂਕ ਦੇ ਖਾਤੇ ਤੇ ਰਿਕਾਰਡ ਤੇ ਕੈਸ਼ ਚੈਕ ਕਰ ਲਏ ਹੋਣ ਤਾਂ ਆ ਕੇ ਲੈ ਜਾਈਏ ? ਤੇ ਅੱਗੋਂ ਸਬੰਧਤ ਥਾਣੇ ਦੇ ਮੁਨਸ਼ੀ ਨੇ ਪੁੱਛਿਆ ਕਿ ਕਿਹਡ਼ੇ ਰਿਕਾਰਡ ਦੀ ਗੱਲ ਕਰਦੇ ਹੋ ? ਤਾਂ ਪਤਾ ਲੱਗਿਆ ਕਿ ਖਾਡ਼ਕੂ ਸਿੰਘ ਲੁਧਿਆਣਾ ਦੀ ਬੈਂਕ ਲੁੱਟਕੇ, ਹਿਸਾਬ ਕਿਤਾਬ, ਵਹੀ ਖਾਤਾ ਤੇ ਗੱਡੀ ਵੀ ਨਾਲ ਹੀ ਲੈ ਗਏ ਹਨ । ਜ਼ਿਕਰਯੋਗ ਹੈ ਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਡਕੈਤੀ ਸੀ ।

ਪੰਜਾਬ ਅੰਦਰ ਅਖੌਤੀ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਸਿੱਖਾਂ ਉਤੇ ਹਕੂਮਤ ਦੇ ਜ਼ੁਲਮ ਦੀ ਹਨੇਰੀ ਝੁੱਲ ਰਹੀ ਸੀ । ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਨ ਦੀ ਥਾਂ ਤਸੀਹੇ ਦੇ ਕੇ ਝੂਠੇ ਪੁਲਿਸ ਮੁਕਾਬਲੇ ਬਣਾਕੇ ਸ਼ਹੀਦ ਕਰ ਦਿੱਤਾ ਜਾਂਦਾ । ਪੰਜਾਬ ਦਾ ਗਵਰਨਰ ਸਿਧਾਰਥ ਸ਼ੰਕਰ ਰੇਅ ਤੇ ਪੰਜਾਬ ਪੁਲਿਸ ਦਾ ਮੁਖੀ ਰਿਬੈਰੋ, ਜ਼ਕਰੀਆ ਖ਼ਾਨ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਰਹੇ ਸਨ । ਰਿਬੈਰੋ ਵਲੋਂ ਭਾਈ ਗੁਰਜੀਤ ਸਿੰਘ ਕਾਕਾ ਨੂੰ ਜਿਊਂਦੇ ਨੂੰ ਸਾਡ਼ੇ ਜਾਣ, ਭਾਈ ਅਨੋਖ ਸਿੰਘ ਬੱਬਰ ਦੀ ਖੋਪਰੀ ਲਾਹੁਣ, ਜਿਊਂਦੇ ਦੀਆਂ ਅੱਖਾਂ ਕੱਢ ਦੇਣ, ਕੰਨ ਤੇ ਜ਼ੁਬਾਨ ਕੱਟ ਕੇ ਅੰਗ – ਅੰਗ ਤੋਡ਼ ਦੇਣ, ਪੰਥਕ ਕਮੇਟੀ ਮੈਂਬਰ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਅੰਗ – ਅੰਗ ਕੱਟਕੇ ਸ਼ਹੀਦ ਕਰਨ ਦੀਆਂ ਖ਼ਬਰਾਂ ਜਦੋਂ ਜਨਰਲ ਲਾਭ ਸਿੰਘ ਤੱਕ ਪਹੁੰਚੀਆਂ ਤਾਂ ਉਸ ਨੇ ਰਿਬੈਰੋ ਨੂੰ ਸੋਧਣ ਦਾ ਫੈਸਲਾ ਕਰ ਲਿਆ । ਜਨਰਲ ਲਾਭ ਸਿੰਘ ਨੇ ਰਣਨੀਤੀ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀ ਕਰਕੇ, ਪੰਜਾਬ ਪੁਲਿਸ ਦੇ ਅਫ਼ਸਰਾਂ ਦੇ ਭੇਸ ਵਿੱਚ 3 ਅਕਤੂਬਰ 1986 ਨੂੰ ਪੀ. ਏ. ਪੀ. ਕੰਪਲੈਕਸ ਜ¦ਧਰ ਵਿੱਚ ਪੁਲਿਸ ਮੁਖੀ ਰਿਬੈਰੋ ’ਤੇ ਹਮਲਾ ਕੀਤਾ ਤਾਂ ਰਿਬੈਰੋ ਲੋਟਣੀਆਂ ਖਾਣ ਲੱਗ ਪਿਆ । ਸਿੰਘਾਂ ਨੇ ਸਮਝਿਆ ਕਿ ਰਿਬੈਰੋ ਗੋਲੀਆਂ ਲੱਗਣ ਨਾਲ ਤਡ਼ਫ ਰਿਹਾ ਹੈ ਪਰ ਉਹ ਲੰਮਾ ਪੈ ਕੇ ਸਿੰਘਾਂ ਦੇ ਹਮਲੇ ’ਚ ਬਚ ਗਿਆ । ਸਿੰਘਾਂ ਦਾ ਜਥਾ ਗੱਡੀ ਛੱਡਕੇ ਪੈਦਲ ਹੀ ਕੰਪਲੈਕਸ ਵਿਚੋਂ ਬਾਹਰ ਆ ਗਿਆ । ਜਿਹਡ਼ਾ ਪੁਲਿਸ ਮੁਖੀ ਗੋਲੀ ਬਦਲੇ ਗੋਲੀ ਨੀਤੀ ਦਾ ਐਲਾਨ ਕਰਦਾ ਸੀ, ਜਦੋਂ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਨੇ ਉਸ ਦੇ ਕਿਲੇ ਅੰਦਰ ਆ ਕੇ ਵੰਗਾਰਿਆ ਤਾਂ ਉਹ ਗੋਲੀ ਚਲਾਉਣ ਦੀ ਥਾਂ ਧਰਤੀ ’ਤੇ ਲੇਟਣ ਲੱਗ ਪਿਆ ਤੇ ਉਸ ਦੇ ਬਹਾਦਰ ਜਵਾਨਾਂ ਵਿਚੋਂ ਇੱਕ ਵੀ ਮਾਈ ਦਾ ਲਾਲ ਸਿੰਘਾਂ ਦਾ ਮੁਕਾਬਲਾ ਨਾ ਕਰ ਸਕਿਆ । ਸਿੰਘ ਉਸਦੇ ਕਈ ਸਿਪਾਹੀਆਂ ਨੂੰ ਮਾਰਕੇ, ਲਲਕਾਰਦੇ ਹੋਏ ਨਿਕਲ ਗਏ ।

ਅਖੀਰ ਜੁਲਾਈ 1988 ਇੱਕ ਗ਼ੱਦਾਰ ਨਿਰਮਲ ਸਿਹੁੰ ਨਿੰਮਾ ਦੀ ਗ਼ਦਾਰੀ ਕਾਰਨ ਪੁਲਿਸ ਜਨਰਲ ਲਾਭ ਸਿੰਘ ਤੱਕ ਪਹੁੰਚਣ ਵਿੱਚ ਸਫਲ ਹੋ ਗਈ । ਜਨਰਲ ਲਾਭ ਸਿੰਘ ਉਸ ਸਮੇਂ ਜ਼ਿਲਾ ਹੁਸ਼ਿਆਰਪੁਰ ਵਿੱਚ ਆਪਣੇ ਟਿਕਾਣੇ ’ਤੇ ਰਹਿ ਰਿਹਾ ਸੀ । ਨਿਰਮਲ ਸਿਹੁੰ ਨਿੰਮੇ ਨੇ ਜਨਰਲ ਲਾਭ ਸਿੰਘ ਨੂੰ ਆ ਕੇ ਕਿਹਾ ਕਿ ਕੁੱਝ ਸਿੰਘ ਠੇਕੇਦਾਰ ਗੁਰਦਿੱਤ ਸਿੰਘ ਦੇ ਘਰ ਕਿਸੇ ਜ਼ਰੂਰੀ ਮੀਟਿੰਗ ਲਈ ਆਏ ਹੋਏ ਹਨ, ਉਨਾਂ ਨੇ ਸਵੇਰੇ ਚਲੇ ਜਾਣਾ ਹੈ, ਇਸ ਲਈ ਆਪਾਂ ਨੂੰ ਜ਼ਰੂਰੀ ਪਹੁੰਚਣਾ ਚਾਹੀਦਾ ਹੈ । ਜਨਰਲ ਲਾਭ ਸਿੰਘ ਉਸ ਗ਼ੱਦਾਰ ਦੀ ਚਾਲ ਨੂੰ ਨਾ ਸਮਝ ਸਕਿਆ ਤੇ ਰਾਤ ਨੂੰ ਉਠਕੇ ਉਸੇ ਵਕਤ ਉਸ ਨਾਲ ਤੁਰ ਪਿਆ ਤੇ ਠੇਕੇਦਾਰ ਗੁਰਦਿੱਤ ਸਿੰਘ ਦੀ ਰਿਹਾਇਸ਼ ’ਤੇ ਪਹੁੰਚ ਗਿਆ । ਉਹ ਗ਼ੱਦਾਰ ਜਨਰਲ ਲਾਭ ਸਿੰਘ ਨੂੰ ਸਿੰਘਾਂ ਦਾ ਇੰਤਜ਼ਾਰ ਕਰਨ ਲਈ ਕਹਿਕੇ ਆਪ ਠੇਕੇਦਾਰ ਦੀ ਘਰਵਾਲੀ ਤੋਂ ਗਰਮ ਦੁੱਧ ਲੈਣ ਚਲਾ ਗਿਆ । ਬੀਬੀ ਨੇ ਦੁੱਧ ਦਾ ਜੱਗ ਤੇ ਗਲਾਸ ਫਡ਼ਾ ਦਿੱਤੇ ਪਰ ਗ਼ੱਦਾਰ ਨੇ ਦੁੱਧ ਲੈ ਕੇ ਜਾਂਦਿਆਂ ਵਿੱਚ ਕੋਈ ਬੇਹੋਸ਼ੀ ਵਾਲੀ ਚੀਜ਼ ਪਾ ਦਿੱਤੀ । ਜਨਰਲ ਲਾਭ ਸਿੰਘ ਨੇ ਉਹ ਦੁੱਧ ਪੀ ਲਿਆ ਤੇ ਬੇਹੋਸ਼ ਹੋ ਗਏ । ਗ਼ੱਦਾਰ ਨਿਰਮਲ ਨਿੰਮੇ ਨੇ ਅਜੀਤ ਸਿਹੁੰ ਸੰਧੂ ਮਾਨਾਂਵਾਲਾ (ਜੋ ਉਦੋਂ ਡੀ. ਐਸ. ਪੀ. ਸੀ) ਨੂੰ ਵਾਇਰਲੈਸ ਕੀਤੀ ਤਾਂ ਉਸ ਨੇ ਕਿਹਾ ਕਿ ਤੂੰ ਬੇਹੋਸ਼ ਪਏ ਜਨਰਲ ਲਾਭ ਸਿੰਘ ਨੂੰ ਗੋਲੀਆਂ ਮਾਰਕੇ, ਜੀਪ ਵਿੱਚ ਪਾ ਕੇ ਬਾਹਰ ਲੈ ਆ, ਬਾਕੀ ਮੁਕਾਬਲੇ ਦੀ ਕਹਾਣੀ ਅਸੀਂ ਆਪ ਬਣਾ ਲਵਾਂਗੇ । ਗ਼ੱਦਾਰ ਨੇ ਬੇਹੋਸ਼ ਪਏ ਜਨਰਲ ਲਾਭ ਸਿੰਘ ਨੂੰ ਦਿਲ ਦੀ ਸੇਧ ਰੱਖਕੇ ਗੋਲੀਆਂ ਮਾਰੀਆਂ, ਜੋ ਦਿਲ ਨੂੰ ਚੀਰਕੇ ਸੱਜੇ ਪਾਸੇ ਕੱਛ ਤੇ ਮੋਢੇ ਵਿੱਚ ਦੀ ਲੰਘ ਗਈਆਂ । ਹਿੰਦੋਸਤਾਨੀ ਫ਼ੋਰਸਾਂ ਦੇ ਲੱਖਾਂ ਦੇ ਘੇਰੇ ਵਿਚੋਂ ਹੱਥ ’ਤੇ ਹੱਥ ਮਾਰਕੇ ਨਿਕਲ ਜਾਣ ਵਾਲਾ ਸੂਰਮਾ, ਇੱਕ ਗ਼ੱਦਾਰ ਦੀ ਗ਼ੱਦਾਰੀ ਨੇ ਕੁੱਝ ਮਿੰਟਾਂ ਵਿੱਚ ਹੀ ਸਿੱਖ ਸੰਘਰਸ਼ ਤੋਂ ਖੋਹ ਲਿਆ । ਇਸ ਤਰਾਂ ਨਿਰਮਲ ਗ਼ੱਦਾਰ ਨੇ 11 ਅਤੇ 12 ਜੁਲਾਈ 1988 ਦੀ ਵਿਚਕਾਰਲੀ ਰਾਤ ਨੂੰ ਜਨਰਲ ਲਾਭ ਸਿੰਘ ਨੂੰ ਸ਼ਹੀਦ ਕਰਕੇ ਪੰਜਾਬ ਪੁਲਿਸ ਦੇ ਡੀ. ਐਸ. ਪੀ. ਅਜੀਤ ਸਿਹੁੰ ਸੰਧੂ ਨੇ ਜਿਸ ਜਗਾ ’ਤੇ ਕਿਹਾ ਸੀ, ਝੂਠਾ ਪੁਲਿਸ ਮੁਕਾਬਲਾ ਬਣਾਉਣ ਲਈ ਸੁੱਟ ਦਿੱਤਾ ।

ਜਨਰਲ ਲਾਭ ਸਿੰਘ ਜੀ ਦੀ ਸ਼ਹੀਦੀ ਦੀ ਖ਼ਬਰ ਪਤਾ ਲੱਗਦੇ ਹੀ ਉਨਾਂ ਦੀ ਸਿੰਘਣੀ ਬੀਬੀ ਦਵਿੰਦਰ ਕੌਰ, ਮਾਤਾ ਕੁਲਵੰਤ ਕੌਰ, ਭਰਾ ਦਲਜੀਤ ਸਿੰਘ ਤੇ ਪਿੰਡ ਪੰਜਵਡ਼ ਅਤੇ ਇਲਾਕੇ ਦੇ ਵਾਸੀ ਟਰੱਕਾਂ ’ਤੇ ਪਹੁੰਚ ਗਏ । ਦਮਦਮੀ ਟਕਸਾਲ ਦਾ ਜਥਾ ਵੀ ਆਪਣੀਆਂ ਦੋ ਬੱਸਾਂ ਸਮੇਤ ਪਹੁੰਚਿਆ । ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਮੁੰਡੇ – ਕੁਡ਼ੀਆਂ ਵਹੀਰਾਂ ਘੱਤਕੇ ਜਨਰਲ ਲਾਭ ਸਿੰਘ ਦੇ ਆਖਰੀ ਦਰਸ਼ਨਾਂ ਲਈ ਪਹੁੰਚ ਗਏ । ਪ੍ਰਸ਼ਾਸਨ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਜਨਰਲ ਲਾਭ ਸਿੰਘ ਜੀ ਦੀ ਸ਼ਹੀਦੀ ਦੇਹ ਦਾ ਉਸ ਦੇ ਸਹੁਰੇ ਪਿੰਡ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ ।

Leave a Reply