ਆਖਰ ਉਹ ਰੈਲੀ ਹੋ ਗਈ ਜਿਸਦੇ ਹੋਣ ਜਾਂ ਨਾ ਹੋਣ ਬਾਰੇ ਬੜੇ ਭੰਬਲਭੂਸੇ ਬਣੇ ਹੋਏ ਸੀ…

ਇਸ ਨਾਲ ਸਿੱਖਾਂ ਨੂੰ ਕੀ ਮਿਲਿਆ ਜਾਂ ਕੀ ਮਿਲੇਗਾ ਇਹ ਅਜੇ ਬਾਦ ਦੀ ਗੱਲ ਹੈ…ਪਰ ਭਾਰਤੀ ਸਰਕਾਰ ਦੀਆਂ ਇਸ ਰੈਲੀ ਨੂੰ ਨਾਕਾਮ ਕਰਨ ਦੀਆਂ ਸਭ ਕੋਸ਼ਿਸ਼ਾਂ ਦਾ ਨਾਕਾਮ ਹੋ ਜਾਣਾ ਵੀ ਇਸ ਰੈਲੀ ਦੇ ਪ੍ਰਬੰਧਕਾਂ ਲਈ ਕਾਮਯਾਬੀ ਵਲ ਪੁੱਟਿਆ ਪਹਿਲਾ ਕਦਮ ਹੈ…

ਇਕ ਸਿੱਖ ਹੋਣ ਦੇ ਨਾਤੇ ਮੈਂ ਜਾਣਦਾ ਹਾਂ ਕਿ ਅਜਿਹੀ ਕਿਸੇ ਵੀ ਰੈਲੀ ਦੀ ਸਟੇਜ ਉਪਰ ਆਉਣਾ ਕਿੰਨਾ ਜੋਖਮ ਭਰਿਆ ਹੁੰਦਾ ਹੈ…ਏਥੋਂ ਤੱਕ ਕਿ ਇਸ ਰੈਲੀ ਚ ਸ਼ਾਮਲ ਹੋਣ ਗਿਆ ਹਰ ਸ਼ਕਸ ਵੀ ਹਮੇਸ਼ਾਂ ਲਈ ਭਾਰਤੀ ਖੁਫੀਆ ਏਜੰਸੀਆਂ ਦੀਆਂ ਨਜ਼ਰਾਂ ਵਿਚ ਆ ਜਾਂਦਾ ਹੈ…ਤੇ ਕੋਈ ਵੱਡੀ ਗੱਲ ਨਹੀਂ ਕਿ ਏਨਾ ਨੂੰ ਭਾਰਤ ਵਾਪਸ ਆਉਣ ਤੇ ਤੰਗ ਕੀਤਾ ਜਾਵੇਗਾ…ਤੇ ਕਈ ਅਜਿਹੀਆਂ ਧਾਰਾਵਾਂ ਲਗਾ ਕੇ ਜੇਲਾਂ ਅੰਦਰ ਬੰਦ ਕੀਤਾ ਜਾਵੇਗਾ ਕਿ ਇਹ ਅਦਾਲਤਾਂ ਦੇ ਚੱਕਰਾਂ ਚੋ ਬਾਹਰ ਨਹੀਂ ਆ ਸਕਣਗੇ…

ਪਰ ਸਿੱਖ ਕੌਮ ਅੱਜ ਜਿਸ ਮੋੜ ਉਪਰ ਖੜੀ ਹੈ ਉਥੇ ਇਸਦੇ ਕੋਲ ਗਵਾਉਣ ਲਈ ਕੁਝ ਨਹੀਂ ਬਚਿਆ…ਓਹ ਆਪਣੇ ਘਰਾਂ ਚ ਬੈਠੀ ਕੁਛ ਨਾ ਕਰਦੀ ਹੋਈ ਵੀ ਸਰਕਾਰੀ ਨਜ਼ਰਾਂ ਹੇਠ ਹੈ…ਤੇ ਉਸਦਾ ਆਪਣੇ ਮਨ ਚ ਵੀ ‘ ਖਾਲਸਤਾਨ ‘ ਬਾਰੇ ਸੋਚਣਾ ਸਰਕਾਰ ਲਈ ਗੁਨਾਹ ਹੈ..

ਇਸ ਕਰਕੇ ਜੋ ਇਸ ਰੈਲੀ ਚ ਗਏ ਨੇ ਜਾਂ ਉਥੇ ਸਟੇਜ ਉਪਰ ਬੋਲੇ ਨੇ…ਉਹਨਾਂ ਨੂੰ ‘ ਇਹ ਕਿਸੇ ਜੋਗੇ ਨਹੀਂ ‘ ਕਹਿ ਕੇ ਇਗਨੋਰ ਨਹੀਂ ਕੀਤਾ ਜਾ ਸਕਦਾ…ਆਖਰ ਉਹਨਾਂ ਨੇ ਇਕ ਅਜਿਹੀ ਥਾਂ ਤੋਂ ਆਵਾਜ਼ ਬੁਲੰਦ ਕੀਤੀ ਹੈ ਜਿਸਦੀ ਗੂੰਜ ਪੁਰੀ ਦੁਨੀਆਂ ਨੇ ਸੁਣੀ ਹੈ ਤੇ ਭਾਰਤ ਨੇ ਥੋਡ਼ੀ ਜਿਆਦਾ ਸੁਣੀ ਹੈ…

ਅੱਜ ਦੀਆਂ ਅਖਬਾਰਾਂ ਨੂੰ ਪੜ੍ਹ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਰੈਲੀ ਨੇ ਕੀ ਅਸਰ ਕੀਤਾ ਹੈ…

ਅਜੀਤ ਅਖਬਾਰ ਦਾ ਸਿਰਲੇਖ ਇਸ ਰੈਲੀ ਨੂੰ ਇਕ ਪ੍ਰਭਾਵਸ਼ਾਲੀ ਇਕੱਠ ਦਸਦਾ ਹੈ…ਤੇ ਦੈਨਿਕ ਭਾਸਕਰ ਇਸਨੂੰ ਫਲਾਪ ਦਸਦਾ ਹੈ…

ਹਿੰਦੀ ਅਖਬਾਰਾਂ ਕਿੰਨਾ ਕੁ ਸੱਚ ਲਿਖ ਰਹੀਆਂ ਨੇ ਇਹ ਉਹ ਲੋਕ ਬੇਹਤਰ ਜਾਣਦੇ ਨੇ ਜਿੰਨਾ ਨੇ ਇਸ ਰੈਲੀ ਨੂੰ ਫੇਸਬੁੱਕ ਜਾਂ ਹੋਰ ਵਸੀਲਿਆਂ ਰਾਹੀਂ ਲਾਈਵ ਦੇਖਿਆ ਹੈ…

ਪਰ ਅਖਬਾਰਾਂ ਨੂੰ ਝੂਠ ਕਿਉ ਲਿਖਣਾ ਪੈ ਰਿਹਾ…??

ਕਿਉਂਕਿ ਅਖਬਾਰਾਂ ਇਹ ਮੰਨਣਾ ਕਦੀ ਨਹੀਂ ਚਾਹੰਦੀਆਂ ਕਿ ਖਾਲਿਸਤਾਨ ਅੱਜ ਵੀ ਕਿਤੇ ਨਾ ਕਿਤੇ ਹਰ ਸਿੱਖ ਦੇ ਮਨ ਚ ਹੈ…ਬੇਸ਼ਕ ਥੋੜਾ ਜਿੰਨਾ ਵੀ ਹੋਵੇ…ਪਰ ਇਸਦੀ ਕਲਪਨਾ ਹਰ ਇਕ ਸਿੱਖ ਦੇ ਮਨ ਨੂੰ ਭਾਵੁਕ ਵੀ ਕਰਦੀ ਹੈ ਤੇ ਉਸਨੂੰ ਬੋਝ ਨਾਲ ਵੀ ਭਰਦੀ ਹੈ…ਬੋਝ ਇਸ ਗੱਲ ਦਾ ਕਿ ਬੜੇ ਸਿਖਾਂ ਨੇ ਇਸ ਮੁਲਕ ਨੂੰ ਆਪਣਾ ਮੁਲਕ ਸਮਝਿਆ ਹੈ…ਜਾਂ ਸਮਝਿਆ ਸੀ…ਪਰ ਉਸਦੇ ਨਾਲ ਜੋ ਸਲੂਕ ਹੁੰਦਾ ਰਿਹਾ ਹੈ ਓਹ ਕੋਈ ਸਮਝਣਾ ਸੁਣਨਾ ਨਹੀਂ ਚਾਹੰਦਾ…

ਕੀ ਇਹ ਸਿਰਫ ਧਾਰਮਿਕ ਮੁੱਦਾ ਹੈ ??

ਨਹੀਂ…ਇਹ ਸਿਰਫ ਧਰਮ ਦਾ ਮਸਲਾ ਨਹੀਂ ਹੈ…ਇਹ ਮੁਢਲੇ ਅਧਿਕਾਰਾਂ ਦਾ ਮਸਲਾ ਵੀ ਹੈ…

ਚਲੋ ਆਪਾਂ ਇਸ ਮਸਲੇ ਨੂੰ ਇਕ ਪਾਸੇ ਕਰਦੇ ਹਾਂ ਕਿ ਕੋਈ ਖਾਲਸਤਾਨ ਬਾਰੇ ਕੀ ਸੋਚਦਾ ਹੈ…ਅਸੀਂ ਅੱਜ ਬਸ ਰੈਲੀ ਦੀ ਗੱਲ ਕਰਦੇ ਹਾਂ…

ਬੜੇ ਸਿੱਖ ਧੜੇ ਵੀ ਇਸ ਰੈਲੀ ਨੂੰ ਸਰਕਾਰੀ ਚਾਲ ਬੋਲ ਰਹੇ ਸੀ…ਤੇ ਕੋਈ ਕੁਛ ਬੋਲਦਾ ਸੀ ਤੇ ਕੋਈ ਕੁਛ…

ਪਰ ਬੜਾ ਅਫਸੋਸ ਹੋਇਆ ਕਿ ਇਹ ਸਾਰੇ ਸੰਤ ਬਾਬੇ ਜੋ ਸਾਰਾ ਦਿਨ ਇਕ ਦੂਜੇ ਖਿਲਾਫ ਬੋਲਦੇ ਨੇ ਇਸ ਰੈਲੀ ਦੇ ਹੱਕ ਚ ਇਕ ਅੱਖਰ ਨਹੀਂ ਬੋਲੇ…

ਸ਼ਹੀਦੀ ਯਾਦਗਾਰਾਂ ਬਣਾਉਣ ਨੂੰ ਹੀ ਸਭ ਤੋਂ ਵੱਡੀ ਸੇਵਾ ਸਮਝਣ ਵਾਲੇ ਦੀ ਚੁੱਪ ਵੀ ਬੜੀ ਡੂੰਘੀ ਹੋ ਗਈ…

ਅਸੀਂ ਆਮ ਸਿੱਖ ਜੋ ਰੋਜ਼ਾਨਾ ਨੌਕਰੀ ਉਪਰ ਜਾਂਦੇ ਹਾਂ ਜਾਂ ਆਮ ਜਿਹੇ ਲੋਕ ਹਾਂ…ਸਾਨੂੰ ਕਿਸੇ ਬਾਬੇ ਸੰਤ ਜਾਂ ਮਹਾਂਪੁਰਖ ਵਾਂਗ ਗੋਲਮੋਲ ਗੱਲ ਨਹੀਂ ਕਰਨੀ ਆਉਂਦੀ…ਨਾ ਸਾਨੂੰ ਸਰਕਾਰੀ ਚਾਲਾਂ ਦੀ ਸਮਝ ਹੈ ਭਾਈ…ਅਸੀਂ ਲੋਕ ਕੌਮ ਲਈ ਭਾਵੁਕ ਲੋਕ ਹਾਂ ਤੇ ਜੋ ਕੋਈ ਕਿਤੇ ਵੀ ਕਦੀ ਵੀ ਕੌਮ ਦੇ ਦਿਲ ਦੀ ਗੱਲ ਕਰਦਾ ਹੁੰਦਾ ਹੈ ਤਾਂ ਅਸੀਂ ਉਸਦੇ ਮਗਰ ਜਾ ਖੜੇ ਹੁੰਦੇ ਹਾਂ…ਬੇਸ਼ਕ ਉਹ ਸਰਬਤ ਖਾਲਸਾ ਵੇਲੇ ਦੀ ਗੱਲ ਹੋਵੇ ਜਾਂ ਬਰਗਾੜੀ ਦਾ ਇਕੱਠ ਹੋਵੇ ਜਾਂ 2020 ਵਾਲੀ ਰੈਲੀ ਹੋਵੇ…

ਅਸੀਂ ਨਹੀਂ ਜਾਣਦੇ ਸਾਡੇ ਨਾਲ ਭਵਿੱਖ ਚ ਕੀ ਹੋਵੇਗਾ…ਪਰ ਅਸੀਂ ਜਾਣਦੇ ਹਾਂ ਸਾਡੇ ਨਾਲ ਬੀਤੇ ਸਮੇਂ ਵਿਚ ਕੀ ਹੋਇਆ ਹੈ…

ਸਾਡੇ ਚੋ ਬੜੇ ਜਣੇ ਖਾਲਸਤਾਨ ਦੇ ਹੱਕ ਚ ਹੋਣਗੇ…ਪਰ ਬੜੇ ਜਣੇ ਸ਼ਾਇਦ ਨਹੀਂ ਵੀ ਹੋਣਗੇ…ਪਰ ਇਹ ਕੋਈ ਇਕ ਦੂਜੇ ਨਾਲ ਨਫਰਤ ਦੀ ਵਜ੍ਹਾ ਨਹੀਂ ਹੋਣੀ ਚਾਹੀਦੀ…ਪਰ ਪੰਜਾਬ ਨੂੰ ਭਾਰਤ ਨਾਲ ਰੱਖਣ ਦੀ ਹਾਮੀ ਭਰਨ ਵਾਲੇ ਇਕ ਜੁਆਬ ਜਰੂਰ ਦੇਣ ਜੇ ਉਹਨਾਂ ਕੋਲ ਹੋਵੇ…ਕਿ 1947 ਤੋਂ ਅੱਜ 2018 ਤਕ ਪੰਜਾਬ ਭਾਰਤ ਕੋਲ ਹੈ…ਉਸਦੇ ਨਾਲ ਹੈ…ਉਸਦੇ ਹੇਠਾਂ ਹੈ..ਫੇਰ ਕੀ ਕਮੀ ਹੈ ਜੋ ਪੰਜਾਬ ਨੂੰ ਕੋਈ ਨਹੀਂ ਸੁਣਦਾ ?? ਕਿਉ ਏਥੇ ਉਠਦੇ ਮਸਲਿਆਂ ਨੂੰ ਕਿਸੇ ਹੱਲ ਵਲ ਨਹੀਂ ਤੋਰਿਆ ਜਾਂਦਾ…??

ਮੈਂ ਕੋਈ ਕਾਲਮ ਨਵੀਸ ਨਹੀਂ…ਨਾ ਮੇਰਾ ਕੋਈ ਅਖਬਾਰ ਹੈ ਜਿਥੇ ਮੈਂ ਇਹ ਆਪਣੇ ਮਨ ਦੀਆਂ ਬੋਲ ਸਕਾਂ…ਲੈ ਦੇ ਕੇ ਇਹ ਮੇਰੀ ਫੇਸਬੁੱਕ ਹੈ ਜਿਥੇ ਇਹ ਦਿਲ ਦੀਆਂ ਗੱਲਾਂ ਬੋਲਦਾ ਹਾਂ…

ਇਕ ਗੱਲ ਹੋਰ ਬੋਲਣਾ ਚਾਹਾਂਗਾ…ਹੋ ਸਕਦਾ ਹੈ ਬੜੇ ਜਣੇ ਨਾਰਾਜ਼ ਹੋ ਜਾਓਗੇ…ਪਰ ਬੋਲੇ ਬਿਨ੍ਹਾਂ ਰਿਹਾ ਨਹੀਂ ਜਾਂਦਾ..

ਪ੍ਰਚਾਰ ਕੀ ਹੈ ??

ਜੋ ਬਾਬਾ ਢਡਰੀਆਂ ਵਾਲਾ ਕਰਦਾ…??

ਜੋ ਬਾਬਾ ਜੀ ਮਹਿਤੇ ਤੋਂ ਕਰਦੇ ਨੇ ??

ਜਾਂ ਰੋਜ਼ ਗੁਰਦਵਾਰਿਆਂ ਚ ਹੁੰਦਾ ਹੈ ??

ਜਾਂ ਹੋਰ ਪ੍ਰਚਾਰਕ ਵੱਖ ਵੱਖ ਸਟੇਜਾਂ ਉਪਰ ਕਰਦੇ ਨੇ ??

ਨਹੀਂ ਭਰਾਵੋ…ਇਹ ਪ੍ਰਚਾਰ ਨਹੀਂ ਹੈ…ਇਹ ਤਾਂ ਬਸ ਗੁਰਬਾਣੀ ਨੂੰ ਹੀ ਦੁਹਰਾਉਂਦੇ ਨੇ ਸਭ…ਆਪਣੇ ਆਪਣੇ ਤਰੀਕੇ ਨਾਲ…ਕੋਈ ਗਾ ਕੇ…ਕੋਈ ਕਹਾਣੀਆਂ ਚ ਪਰੋ ਕੇ…ਤੇ ਕੋਈ ਹੋਰ ਕਿਸੇ ਤਰੀਕੇ ਨਾਲ…ਬਾਨੀ ਪੜ੍ਹਨਾ ਤਾਂ ਘਰਾਂ ਚ ਵੀ ਹੋ ਜਾਂਦਾ ਹੈ…ਇਸਦੇ ਲਈ ਸਟੇਜਾਂ ਦੀ ਲੋੜ ਨਹੀਂ ਹੈ…

ਫੇਰ ਸਟੇਜ਼ਾਂ ਦੀ ਲੋੜ ਕਿਉਂ ਹੈ…??

ਸਟੇਜਾਂ ਦੀ ਲੋੜ ਹੈ ਇਹ ਦੱਸਣ ਲਈ ਕਿ ਭਾਰਤ ਨੇ ਸਿੱਖਾਂ ਨਾਲ ਕੀ ਕੀ ਕੀਤਾ…ਕਦੋ ਕਦੋ ਕੀਤਾ ??

ਮੌਜੂਦਾ ਲੀਡਰਾਂ ਨੇ ਸਾਡੇ ਨਾਲ ਕੀ ਵਾਅਦੇ ਕੀਤੇ ਤੇ ਕੀ ਨਿਭਾਏ ਤੇ ਕੀ ਤੋੜੇ ??

ਸਾਨੂੰ ਕਦੋ ਕਦੋ ਸਮੂਹਾਂ ਚ ਕਤਲ ਕੀਤਾ ਗਿਆ ਤੇ ਕਦੋਂ ਕਦੋ ਸਾਡੇ ਘਰਾਂ ਨੂੰ ਅੱਗ ਲਗਾ ਕੇ ਸਾੜਿਆ ਗਿਆ ??

ਕਿਵੇਂ ਪੰਜਾਬ ਨੂੰ ਤੋੜਿਆ ਗਿਆ…ਕਿਵੇਂ ਇਸਦੇ ਇਲਾਕੇ ਦੂਜੇ ਰਾਜਾਂ ਨੂੰ ਦੇ ਦਿਤੇ ਗਏ??

ਕਿਵੇਂ ਪਾਣੀਆਂ ਨੂੰ ਖੋਹਿਆ ਗਿਆ ??

ਕਿਵੇਂ ਨਵੀਆਂ ਕਿਤਾਬਾਂ ਚ ਸਿੱਖਾਂ ਨਾਲ ਜੁੜੇ ਸਿਲੇਬਸਾਂ ਨੂੰ ਖਤਮ ਕੀਤਾ ਗਿਆ ??

ਕਿਵੇਂ ਸਾਰਾ ਨਸ਼ਾ ਸਿਰਫ ਪੰਜਾਬ ਚ ਆਇਆ…ਪਰ ਆਂਢ ਗੁਆਂਢ ਵਸਦੇ ਅਨੇਕਾਂ ਰਾਜ ਇਸਦੇ ਅਸਰ ਤੋਂ ਕਿਦਾਂ ਬਚੇ ਰਹੇ ??

ਵੀਰੋ ਇਹ ਸਭ ਪ੍ਰਚਾਰ ਹੈ…ਜੇ ਇਹ ਗੱਲਾਂ ਤੁਸੀਂ ਆਪਣੇ ਬੱਚਿਆਂ ਦੇ ਮਨ ਚ ਪਾ ਦਿਤੀਆਂ…ਉਹਨਾਂ ਨੂੰ ਸਮਝਾ ਦਿਤੀਆਂ…ਤਾਂ ਤੁਹਾਂਨੂੰ ਕਿਸੇ ਧਾਰਮਿਕ ਸਟੇਜ ਦੀ ਲੋੜ ਨਹੀਂ..ਜੇ ਕੌਮ ਏਨਾ ਮਸਲਿਆਂ ਨਾਲ ਜੁੜ ਗਈ ਤਾਂ ਬਾਣੀ ਨਾਲ ਆਪ ਮੁਹਾਰੇ ਜੁੜ ਜਾਣੀ ਹੈ…

ਇਹ ਬਾਬੇ ਸੰਤ ਮਹਾਂਪੁਰਖ ਸਾਨੂੰ ਨਹੀਂ ਚਾਹੀਦੇ…ਨਾ ਸਾਨੂੰ ਯਾਦਗਾਰਾਂ ਨਾਲ ਮੋਹ ਹੈ…

ਸਾਨੂੰ ਇਕ ਅਜੀਹੀ ਸਟੇਜ ਅਤੇ ਅਜਿਹੀ ਸ਼ਖਸੀਅਤ ਦੀ ਲੋੜ ਹੈ ਜੋ ਏਨਾ ਮਸਲਿਆਂ ਨੂੰ ਪ੍ਰਚਾਰੇ…ਨਾ ਕਿ ਪ੍ਰਵਚਨ ਸੁਣ ਕੇ ਕੁਛ ਹੋਣਾ ਹੈ…

ਸਾਡੇ ਕੋਲ ਬੜੀਆਂ ਕਹਾਨੀਆਂ ਨੇ…ਬੜੇ ਕਿੱਸੇ ਨੇ ਜੋ ਕਿਸੇ ਸਟੇਜ ਉਪਰ ਨਹੀਂ ਬੋਲੇ ਜਾਂਦੇ…ਕਿਉਂਕਿ ਪ੍ਰਚਾਰਕ ਲੋਕ ਸਰਕਾਰ ਨਾਲ ਆਢਾ ਨਹੀਂ ਲੱਗਾ ਸਕਦੇ ਹੁੰਦੇ..ਪ੍ਰਚਾਰ ਕਰਨਾ ਏਨਾ ਦਾ ਪ੍ਰੋਫੈਸ਼ਨ ਹੈ…ਨਾ ਕਿ ਏਨਾ ਦਾ ਜੁਨੂੰਨ ਹੈ…ਇਹ ਏਨਾ ਦੀ ਰੋਜ਼ੀ ਰੋਟੀ ਦਾ ਸਾਧਨ ਹੈ…ਇਸ ਕਰਕੇ ਇਹ ਤੋਲ ਕੇ ਬੋਲਦੇ ਨੇ…ਤਾਂ ਕਿ ਆਈ ਚਲਾਈ ਬਣੀ ਰਹੇ..

੨੦੨੦ ਕੁਛ ਹੋਰ ਕਰੇ ਨਾ ਕਰੇ…ਪਰ ਆਪਨੀ ਕੌਮ ਦੇ ਕਈ ਦੋਗਲਿਆਂ ਨੂੰ ਸਾਹਮਣੇ ਜਰੂਰ ਲੈ ਆਏਗੀ

#ਹਰਪਾਲਸਿੰਘ

Leave a Reply